ਪੌਣੇ 5 ਸਾਲ ਹਲਕਾ ਸਨੌਰ ’ਚ ਲੋਕਾਂ ਦੀ ਕੀਤੀ ਸੇਵਾ ਅਤੇ ਕਰਵਾਇਆ ਰਿਕਾਰਡ ਵਿਕਾਸ : ਹੈਰੀਮਾਨ
ਭੁੰਨਰਹੇੜੀ,ਪਟਿਆਲਾ 19 ਦਸੰਬਰ (ਕ੍ਰਿਸ਼ਨ ਗਿਰ)-ਹਲਕਾ ਸਨੌਰ ਜਿਥੇ ਕਿ ਕਾਂਗਰਸ ਪਾਰਟੀ ਵਲਂ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਪੌਣੇ 5 ਸਾਲ ਲੋਕਾਂ ਦੀ ਦਿਨ ਰਾਤ ਸੇਵਾ ਕਰਨ ਵਾਲੇ ਅਤੇ ਰਿਕਾਰਡ ਵਿਕਾਸ ਕਰਵਾਉਣ ਵਾਲੇ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਸਨੌਰ ਵਿਚ ਕਾਂਗਰਸ ਦਾ ਦਫ਼ਤਰ ਖੋਲ੍ਹ ਕੇ ਚੋਣ ਮੈਦਾਨ ਵਿਚ ਡਟਣ ਦਾ ਐਲਾਨ ਕਰ ਦਿੱਤਾ ਸੀ। ਅੱਜ ਦੇਵੀਗੜ੍ਹ ਇਲਾਕੇ ’ਚ ਰਤਿੰਦਰਪਾਲ ਸਿੰਘ ਰਿੱਕੀਮਾਨ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਅਤੇ ਜੋਗਿੰਦਰ ਸਿੰਘ ਕਾਕੜਾ ਸਕੱਤਰ ਪੰਜਾਬ ਕਾਂਗਰਸ ਦੀ ਅਗਵਾਈ ਹੇਠ ਹਜ਼ਾਰਾਂ ਨੌਜਵਾਨਾਂ ਨੇ ਗੱਡੀਆਂ, ਮੋਟਰਸਾਈਕਲਾਂ ਨਾਲ ਦੂਧਨਸਾਧਾਂ ਤੋਂ ਮਸੀਂਗਣ ਤੱਕ ਹੈਰੀਮਾਨ ਦੇ ਹੱਕ ’ਚ ਰੋਡ ਸ਼ੋਅ ਕੱਢਿਆ ਤੇ ਯੂਥ ਦੀ ਰੈਲੀ ਕਰਕੇ ਨੌਜਵਾਨਾਂ ਨੂੰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ‘ਮਾਡਲ ਪੰਜਾਬ’ ਦਾ ਸੁਨੇਹਾ ਦਿੱਤਾ।
ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਹਲਕਾ ਸਨੌਰ ਦੇ ਲੋਕਾਂ ਵਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਮਿਲੇ 12 ਦਿਨਾਂ ਦੇ ਸਮੇਂ ਦੌਰਾਨ ਮਿਲੀਆਂ 54 ਹਜ਼ਾਰ ਵੋਟਾਂ ਦੇ ਪਿਆਰ ਸਦਕਾ ਹੀ ਉਹ ਸਨੌਰ ’ਚ ਡਟ ਗਏ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ’ਚ ਕਰਵਾਏ ਰਿਕਾਰਡ ਵਿਕਾਸ ਦੇ ਸਦਕਾ ਹੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਨੰਬਰ ਇਕ 42 ਹਜ਼ਾਰ ਵੋਟਾਂ ਦੀ ਲੀਡ ਮਿਲੀ ਪਰ ਫਿਰ ਵੀ ਹਲਕਾ ਸਨੌਰ ਨਾਲ ਮਹਿਲਾਂ ਵਾਲਿਆਂ ਨੇ ਵਿਤਕਰਾ ਕੀਤਾ ਅਤੇ ਇਕ ਵੀ ਡਾਇਰੈਕਟਰ ਤੱਕ ਵੀ ਨਹੀਂ ਲਗਾਇਆ ਗਿਆ। ਹੈਰੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਮੀਰ ਦੀ ਆਵਾਜ ’ਤੇ ਵੋਟ ਉਸਨੂੰ ਪਾਉਣ ਜਿਸ ਨੇ ਉਨ੍ਹਾਂ ਵਿਚ ਰਹਿ ਕੇ ਕੰਮ ਕੀਤੇ ਹੋਣ।
ਇਸ ਮੌਕੇ ਰਿੱਕੀਮਾਨ ਅਤੇ ਜੋਗਿੰਦਰ ਕਾਕੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕ ਹਿਤ ਵਿਚ ਅਜਿਹੇ ਫ਼ੈਸਲੇ ਲਏ ਹਨ ਕਿ ਪੰਜਾਬ ਦੇ ਲੋਕ ਇਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਜਦੋਂ ਕਿ ਹਲਕਾ ਸਨੌਰ ਦਾ ਨੌਜਵਾਨ ਬੜੇ ਜੋਸ਼ ਨਾਲ ਉਤਸ਼ਾਹ ਨਾਲ ਹੈਰੀਮਾਨ ਦੇ ਹੱਕ ਵਿਚ ਡਟ ਗਿਆ ਹੈ। ਇਸ ਮੌਕੇ ਗੁਰਮੁੱਖ ਸਿੰਘ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਨਰਿੰਦਰ ਸ਼ਰਮਾ ਅਤੇ ਗੁੁਰਨਾਮ ਸਿੰਘ ਮਸੀਂਗਣ, ਜੈਲੀ, ਹਰਬੀਰ ਥਿੰਦ, ਸੋਨੀ ਨਿਜਾਮਪੁਰ, ਅਮਰਿੰਦਰ ਸਿੰਘ ਕੱਛਵਾ, ਪਵਨ ਸੰਧੂ, ਰਿੰਕੂ ਗਿੱਲ, ਨਸੀਬ ਗੁੱਥਮੜਾ, ਦੇਬਣ ਹਾਜੀਪੁਰ, ਕਰਨਬੀਰ ਨਾਰੰਗਵਾਲ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।