ਨਿੱਤ-ਦਿਨ ਹੋ ਰਹੀਆਂ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨਾਲ ਲੋਕਾਂ ਵਿੱਚ ਸਹਿਮ
ਇੱਕ ਮਹੀਨਾ ਪਹਿਲਾਂ ਹੋਈ ਕਰੋੜਾਂ ਦੀ ਡਕੈਤੀ ਦਾ ਵੀ ਪੁਲਿਸ ਨਹੀਂ ਲੱਭ ਸਕੀ ਕੋਈ ਖੁਰਾ ਖ਼ੋਜ
ਚੋਹਲਾ ਸਾਹਿਬ/ਤਰਨਤਾਰਨ 15 ਦਸੰਬਰ(ਰਾਕੇਸ਼ ਨਈਅਰ) :
ਇਲਾਕੇ ਵਿੱਚ ਨਿੱਤ-ਦਿਨ ਹੋ ਰਹੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਅਤੇ ਸਥਾਨਕ ਵਾਸੀ ਹੁਣ ਦਿਨ ਵੇਲੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਭਾਵੇਂ ਕਿ ਹਰ ਵਾਰਦਾਤ ਤੋਂ ਬਾਅਦ ਪੁਲਿਸ ਵਲੋਂ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਜੇ ਤੱਕ ਕਿਸੇ ਵੀ ਵਾਰਦਾਤ ਨੂੰ ਪੁਲਿਸ ਵਲੋਂ ਹੱਲ ਨਹੀਂ ਕੀਤਾ ਜਾ ਸਕਿਆ।
ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਕਰੀਬ ਇੱਕ ਮਹੀਨਾ ਪਹਿਲਾਂ ਸਥਾਨਕ ਕਸਬੇ ਦੇ ਮੁੱਖ ਬਜ਼ਾਰ ਵਿੱਚ ਹੋਈ ਕਰੋੜਾਂ ਰੁਪਏ ਦੀ ਡਕੈਤੀ ਜਿਸ ਵਿੱਚ ਹਥਿਆਰਬੰਦ ਲੁਟੇਰੇ ਇੱਕ ਕੱਪੜਾ ਵਪਾਰੀ ਦੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਘਰ ਵਿੱਚ ਪਈ ਕਰੀਬ 60 ਲੱਖ ਰੁਪਏ ਦੀ ਨਗਦੀ ਤੇ 6 ਕਿਲੋ ਦੇ ਕਰੀਬ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਸਨ,ਦਾ ਵੀ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਪੁਲਿਸ ਕੋਈ ਖੁਰਾ ਖ਼ੋਜ ਨਹੀਂ ਲੱਭ ਸਕੀ।ਜਿਸ ਕਰਕੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨ।ਤਾਜ਼ਾ ਵਾਪਰੀ ਘਟਨਾ ਵਿੱਚ ਵੀ ਲੰਘੀ ਰਾਤ ਚੋਰਾਂ ਵਲੋਂ 4 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ।ਗੁਰਦੁਆਰਾ ਦੂਖ ਨਿਵਾਰਨ ਸਾਹਿਬ ਮਾਰਕੀਟ ਵਿੱਚ ਇੱਕ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਵਿੱਚੋਂ ਕੱਪੜੇ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕ ਨਵਦੀਪ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਰਾਤ ਉਹ ਆਪਣੇ ਘਰ ਚਲਾ ਗਿਆ। ਬੁੱਧਵਾਰ ਸਵੇਰੇ ਦੁਕਾਨ ‘ਤੇ ਆ ਕੇ ਦੇਖਿਆ ਕਿ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਸੀ ਅਤੇ ਅੰਦਰ ਸਾਰਾ ਸਮਾਨ ਖਿੱਲਰਿਆ ਪਿਆ ਸੀ। ਦੁਕਾਨ ਮਾਲਕ ਅਨੁਸਾਰ ਚੋਰ ਕਰੀਬ 50 ਹਜ਼ਾਰ ਰੁਪਏ ਮੁੱਲ ਦੇ ਰੈਡੀਮੇਡ ਕੱਪੜੇ ਚੋਰੀ ਕਰਕੇ ਲੈਣ ਗਏ।ਜਿਸ ਸੰਬੰਧੀ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ।ਇਸਤੋਂ ਇਲਾਵਾ ਅਣਪਛਾਤੇ ਚੋਰਾਂ ਵਲੋਂ ਇਸੇ ਮਾਰਕੀਟ ਵਿੱਚ ਬ੍ਰਦਰਜ਼ ਕੁਲੈਕਸ਼ਨ ਨੂੰ ਵੀ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਹੀਂ ਹੋਏ।ਦੁਕਾਨ ਦੇ ਮਾਲਕ ਬਖਸ਼ੀਸ਼ ਸਿੰਘ ਸਰਹਾਲੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਚੋਰ ਉਸਦੀ ਦੁਕਾਨ ਦੀ ਛੱਤ ਉੱਪਰ ਲੱਗਾ ਏਸੀ ਦਾ ਕੰਪਰੈਸ਼ਰ ਚੋਰੀ ਕਰਕੇ ਲੈ ਗਏ ਸਨ।
ਚੋਰਾਂ ਨੇ ਇਥੇ ਹੀ ਬੱਸ ਨਹੀਂ ਕੀਤੀ।ਕਸਬੇ ਦੇ ਮੇਨ ਬਜਾਰ ਵਿੱਚ ਸਥਿਤ ਕੁਲਬੀਰ ਜਨਰਲ ਸਟੋਰ ਦੀ ਦੁਕਾਨ ਦਾ ਸ਼ਟਰ ਵੀ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹੇ ਪਰ ਕੋਈ ਨੁਕਸਾਨ ਨਹੀਂ ਕਰ ਸਕੇ।ਇੱਕੋ ਰਾਤ ਚੋਰਾਂ ਵਲੋਂ ਜਿਸ ਦਲੇਰੀ ਨਾਲ ਦੁਕਾਨਾਂ ਵਿਚੋਂ ਚੋਰੀ ਦੀ ਕੋਸ਼ਿਸ਼ ਕੀਤੀ ਗਈ,ਉਸ ਨਾਲ ਬਜ਼ਾਰ ਦੇ ਸਮੂਹ ਦੁਕਾਨਦਾਰਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।ਇਸ ਮੌਕੇ ਅਵਤਾਰ ਸਿੰਘ,ਲਵਪ੍ਰੀਤ ਸਿੰਘ,ਟਹਿਲ ਸਿੰਘ, ਬਖਸ਼ੀਸ਼ ਸਿੰਘ ਸਰਹਾਲੀ,ਰਮਨ ਕੁਮਾਰ ਧੀਰ ਜਿਊਲਰਜ਼,ਕੁਲਬੀਰ ਸਿੰਘ ਜਨਰਲ ਸਟੋਰ ਵਾਲੇ ਚਰਨਜੀਤ ਸਿੰਘ ਨੀਟੂ,ਹਰਮੀਤ ਸਿੰਘ ਸੋਨੂੰ, ਬਲਵਿੰਦਰ ਕੁਮਾਰ ਬਿੱਲਾ,ਨਰਿੰਦਰ ਸਿੰਘ ਭੱਪ,ਸਿਮਰਜੀਤ ਸਿੰਘ ਕਾਕੂ, ਅਸ਼ਵਨੀ ਕੁਮਾਰ ਆਨੰਦ,ਰਮੇਸ਼ ਕੁਮਾਰ,ਸੁਰਿੰਦਰ ਸਿੰਘ ਸੋਨੀ,ਬਹਾਦਰ ਸਿੰਘ ਦੁਪੱਟਾ ਹਾਊਸ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਅਤੇ ਬਜ਼ਾਰ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਮੁਲਜ਼ਮਾਂ ਦਾ ਜਲਦ ਪਤਾ ਲਗਾਇਆ ਜਾਵੇ ਤਾਂ ਜ਼ੋ ਲੋਕ ਚੈਨ ਦੀ ਨੀਂਦ ਸੌਂ ਸਕਣ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵਲੋਂ ਚੋਰਾਂ ਅਤੇ ਲੁਟੇਰਿਆਂ ਦਾ ਜਲਦ ਸੁਰਾਗ ਨਾ ਲਗਾਇਆ ਗਿਆ ਤਾਂ ਸਮੂਹ ਦੁਕਾਨਦਾਰਾਂ ਵਲੋਂ ਮਿਲ ਕੇ ਪੁਲਿਸ ਥਾਣੇ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ।