ਚੋਹਲਾ ਸਾਹਿਬ/ਤਰਨਤਾਰਨ, 13 ਦਸੰਬਰ (ਰਾਕੇਸ਼ ਨਈਅਰ) : ਪੰਜਾਬ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ,ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਚੋਣ ਕਮਿਸ਼ਨਰ ਅਤੇ ਜ਼ਿਲਾ ਪੁਲਸ ਮੁਖੀ ਐਸ.ਐਸ.ਪੀ ਹਰਵਿੰਦਰ ਸਿੰਘ ਵਿਰਕ ਦੀਆਂ ਸਖ਼ਤ ਹਦਾਇਤਾਂ ‘ਤੇ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਵਲੋਂ ਥਾਣੇ ਅਧੀਨ ਆਉਂਦੇ ਸਮੂਹ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਅਸਲਾ ਪੁਲਿਸ ਥਾਣਾ ਚੋਹਲਾ ਸਾਹਿਬ,ਨਜ਼ਦੀਕੀ ਪੁਲਿਸ ਚੌਕੀ ਜਾਂ ਗੰਨ ਹਾਊਸ ‘ਤੇ ਜਮ੍ਹਾਂ ਕਰਵਾ ਕੇ ਸਰਕਾਰ ਦੇ ਹੁਕਮਾਂ ਅਤੇ ਕਨੂੰਨ ਦੀ ਪਾਲਣਾ ਕਰਨ।ਉਨ੍ਹਾਂ ਕਿਹਾ ਕਿ ਇਹ ਜ਼ਮਾਂ ਕੀਤਾ ਗਿਆ ਅਸਲਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਾਪਸ ਕਰ ਦਿੱਤਾ ਜਾਵੇਗਾ ਇਸ ਲਈ ਚੰਗੇ ਨਾਗਰਿਕ ਹੋਣ ਦਾ ਆਪਣਾ ਫਰਜ਼ ਸਮਝਦੇ ਹੋਏ ਆਪਣਾ ਅਸਲਾ ਪੁਲਿਸ ਥਾਣੇ ਵਿਚ ਜਮਾ ਕਰਵਾਇਆ ਜਾਏ ਜਾਂ ਗੰਨ ਹਾਊਸ ਵਿੱਚ ਜਮਾਂ ਕਰਵਾ ਕੇ ਉਸ ਦੀ ਰਸੀਦ ਥਾਣੇ ਵਿੱਚ ਦਿਖਾਈ ਜਾਵੇ,ਤਾਂ ਜੋ ਆ ਰਹੀਆਂ ਵਿਧਾਨ ਸਭਾ ਚੋਣਾਂ ਅਮਨ ਸ਼ਾਂਤੀ ਨਾਲ ਕਰਵਾਈਆਂ ਜਾ ਸਕਣ ਅਤੇ ਕਿਸੇ ਵੀ ਕਿਸਮ ਦੇ ਲੜਾਈ ਝਗੜੇ ਤੋਂ ਬਚਿਆ ਜਾ ਸਕੇ।
ਥਾਣਾ ਮੁਖੀ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ।ਚੋਣਾਂ ਨੂੰ ਨਸ਼ਾ ਮੁਕਤ ਅਤੇ ਨਿਰਪੱਖ ਕਰਵਾਉਣ ਲਈ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕਰਦੇ ਹੋਏ ਆਖਿਆ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਵਿਅਕਤੀ ਨਸ਼ੇ ਦਾ ਧੰਦਾ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਹ ਕਿੰਨੀ ਵੀ ਸਿਆਸੀ ਪਹੁੰਚ ਵਾਲਾ ਕਿਉਂ ਨਾ ਹੋਵੇ।