ਚੋਹਲਾ ਸਾਹਿਬ/ਤਰਨਤਾਰਨ,11 ਦਸੰਬਰ (ਰਾਕੇਸ਼ ਨਈਅਰ): ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਟਰਮ 1 ਦੀ ਪ੍ਰੀਖਿਆ 13 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।ਜਿਸਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਹਨਾ ਸ਼ਬਦਾਂ ਦਾ ਪ੍ਰਗਟਾਵਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਬਚਨ ਸਿੰਘ ਲਾਲੀ ਨੇ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨ ਤਾਰਨ ਹਰਭਗਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 14 ਪ੍ਰਿੰਸੀਪਲ ਨੋਡਲ ਅਫ਼ਸਰ ਲਗਾਏ ਗਏ ਹਨ।ਪ੍ਰੀਖਿਆ ਸਬੰਧੀ ਡਿਊਟੀਆਂ ਦੇਣ ਵਾਲੇ ਅਧਿਕਾਰੀਆਂ,ਕਰਮਚਾਰੀਆਂ ਦੀਆਂ ਡਿਊਟੀਆਂ ਸਬੰਧਤ ਨੋਡਲ ਅਫ਼ਸਰ ਸਹਿਬਾਨ ਨੂੰ ਭੇਜ ਦਿੱਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਇਹਨਾਂ ਪ੍ਰੀਖਿਆਵਾਂ ਲਈ ਕੁੱਲ 132 ਪ੍ਰੀਖਿਆ ਕੇਂਦਰ ਬਣਾਏ ਗਏ ਹਨ,ਜਿਸ ਵਿਚ 132 ਸੁਪਰਡੈਂਟ,132 ਵਿਜੀਲੈਂਸ ਸਹਾਇਕ ਅਤੇ 980 ਨਿਗਰਾਨ ਅਮਲੇ ਦੀ ਡਿਊਟੀ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਟਰਮ 1 ਦੀ ਪ੍ਰੀਖਿਆ ਵਿੱਚ ਅੱਠਵੀਂ ਦੇ 14302,ਦਸਵੀਂ ਦੇ 14474 ਅਤੇ ਬਾਰ੍ਹਵੀਂ ਦੇ 13386 ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ।ਬੋਰਡ ਵੱਲੋਂ ਨਿਰਧਾਰਤ ਟੀਮਾਂ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ ਜਾਵੇਗਾ।ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੋਰਡ ਵੱਲੋਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸੀਨੀਅਰ ਸਹਾਇਕ ਦਿਲਬਾਗ ਸਿੰਘ,ਤਰਸੇਮ ਸਿੰਘ,ਇਕਬਾਲ ਸਿੰਘ, ਸੁਖਬੀਰ ਸਿੰਘ ਕੰਗ,ਬਿਕਰਮਜੀਤ ਸਿੰਘ ਪੱਟੀ,ਹਰਦੀਪ ਸਿੰਘ ਕੰਗ ਅਤੇ ਅੰਮ੍ਰਿਤਪਾਲ ਸਿੰਘ ਹਾਜਰ ਸਨ।