“36000 ਮੁਲਾਜ਼ਮਾਂ ਲਭਾਓ ਇਨਾਮ ਪਾਓ” ਜੇ ਸਰਕਾਰ ਸੱਚੀ ਹੈ ਤਾਂ ਐਮ ਐਲ ਏ 36000 ਪੱਕੇ ਹੋਣ ਵਾਲੇ ਮੁਲਾਜ਼ਮ ਲੱਭਾਉਣ ਤੇ ਇਨਾਮ ਵਜੋਂ 36,00,000 ਪਾਉਣ
ਸਕੀਮ ਦੇ ਪੋਸਟਰ ਲੈ ਕੇ ਮੁਲਾਜ਼ਮ ਪੁੱਝੇ ਵਿਧਾਇਕ ਰਜਿੰਦਰ ਬੇਰੀ ਦੇ ਘਰ
ਜਲੰਧਰ, 08 ਦਸੰਬਰ (ਕਬੀਰ ਸੌਂਧੀ) : ਕਾਂਗਰਸ ਦੀ ਚੰਨੀ ਸਰਕਾਰ ਵੱਲੋਂ 36000 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਅੱਜ 28 ਦਿਨ ਬੀਤਣ ਤੇ ਇਕ ਵੀ ਕੱਚੇ ਮੁਲਾਜ਼ਮ ਦੇ ਰੈਗੂਲਰ ਨਾ ਹੋਣ ਦੇ ਰੋਸ ਵਜੋਂ ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀਆ ਵੱਲੋਂ ਕਾਂਗਰਸ ਦੇ ਵਿਧਾਇਕਾਂ ਲਈ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਕਿ “36000 ਮੁਲਾਜ਼ਮ ਲਭਾਓ ਇਨਾਮ ਪਾਓ”।
ਆਗੂਆ ਦਾ ਕਹਿਣਾ ਕਿ ਕਾਂਗਰਸ ਸਰਕਾਰ ਨੇ 36000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਅਤੇ ਪੰਜਾਬ ਦੇ ਹਰ ਕੋਨੇ ਵਿੱਚ ਹੋਰਡਿੰਗ ਲਗਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕੀ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਪਰ ਅਸਲੀਅਤ ਕੋਹਾਂ ਦੂਰ ਹੈ। ਇਸ ਲਈ ਮੁਲਾਜ਼ਮਾਂ ਨੇ ਸਕੀਮ ਸ਼ੁਰੂ ਕੀਤੀ ਹੈ ਕਿ ਜੋ ਵੀ ਵਿਧਾਇਕ ਜਾਂ ਵਰਕਰ 36000 ਮੁਲਾਜ਼ਮ ਲਭਾਏਗਾ ਉਸ ਨੂੰ ਪ੍ਰਤੀ ਮੁਲਾਜ਼ਮ 100 ਰੁਪਏ ਇਨਾਮ ਵਜੋਂ ਦਿੱਤਾ ਜਾਵੇਗਾ।
ਆਗੂਆ ਨੇ ਦੱਸਿਆ ਕਿ ਬੀਤੇ ਕਲ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਤੁਹਾਡੀ ਮੰਗ ਜ਼ਾਇਜ਼ ਹੈ ਅਤੇ ਮਿਤੀ 29 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮੁਲਾਜ਼ਮਾਂ ਦੀਆ ਮੰਗਾਂ ਤੇ ਫੈਸਲੇ ਲੈ ਲਏ ਗਏ ਹਨ ਅਤੇ ਅੰਤਿਮ ਫੈਸਲਾ ਮੁੱਖ ਮੰਤਰੀ ਪੰਜਾਬ ਵੱਲੋਂ ਲੈ ਕੇ ਵਿਭਾਗਾਂ ਨੂੰ ਹਦਾਇਤਾਂ ਕੀਤੀਆ ਜਾਣੀਆ ਹਨ।
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਾਂਗਰਸ ਦੀ ਸਰਕਾਰ ਮੁੱਖ ਮੰਤਰੀ ਚੰਨੀ ਵੱਲੋਂ 11 ਨਵੰਬਰ ਨੂੰ ਵਿਧਾਨ ਸਭਾ ਵਿਚ ਨਵਾਂ ਐਕਟ ਪਾਸ ਕਰਦੇ ਹੋਏ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਪਰ ਬੜੇ ਦੁੱਖ ਦੀ ਗੱਲ ਹੈ ਕਿ 28 ਦਿਨ ਬੀਤਣ ਤੇ ਵੀ ਐਕਟ ਵਿਭਾਗਾਂ ਨੂੰ ਨਹੀ ਭੇਜਿਆ ਗਿਆ। ਮੁਲਾਜ਼ਮ ਜਦੋਂ ਵੀ ਵਿਭਾਗੀ ਅਧਿਕਾਰੀਆ ਨੂੰ ਮਿਲਦੇ ਹਨ ਉੱਚ ਅਧਿਕਾਰੀਆ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਸਾਡੇ ਕੋਲ ਸਰਕਾਰ ਦਾ ਨੋਟੀਫਿਕੇਸ਼ਨ ਆਵੇਗਾ ਤਾਂ ਹੀ ਕਾਰਵਾਈ ਆਰੰਭੀ ਜਾ ਸਕਦੀ ਹੈ। ਆਗੂਆ ਨੇ ਕਿਹਾ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ ਸ਼ੋਭਿਤ ਭਗਤ,ਆਸ਼ੀਸ਼ ਜੁਲਾਹਾ,ਗਗਨ ਸਿਆਲ, ਰਾਜੀਵ ਸ਼ਰਮਾ, ਸੁਖਰਾਜ, ਗਗਨਦੀਪ ਸ਼ਰਮਾ ਨੇ ਕਿਹਾ ਕਿ ਜਿਵੇਂ ਵੋਟਾਂ ਦੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਥੇਬੰਦੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣ ਲਈ ਹਰ ਫ਼ੇਜ਼ ਹਰ ਬਜਾਰ, ਕਰਾਂਗੇ ਭੰਡੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ।