ਚੋਹਲਾ ਸਾਹਿਬ/ਤਰਨਤਾਰਨ, (ਨਈਅਰ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੇ ਮੋਦੀ ਸਰਕਾਰ ਦੇ ਫੈਸਲੇ ਨੂੰ ਕਿਸਾਨ ਸੰਘਰਸ਼ ਦੀ ਵੱਡੀ ਜਿੱਤ ਐਲਾਨਦਿਆਂ ਕਿਹਾ ਕਿ ਵਿਸ਼ਵ ਵਿਆਪੀ ਬਣੇ ਤੇ ਕਿਸਾਨਾਂ ਮਜਦੂਰਾਂ ਦੇ ਖੂਨ ਨਾਲ ਸਿੰਝੇ ਅੰਦੋਲਨ ਦਾ ਝੰਡਾ ਹੋਰ ਬੁਲੰਦ ਹੋਇਆ ਹੈ।ਉਨ੍ਹਾਂ ਕਿਹਾ ਕਿ ਦੇਸ਼ ਅਤੇ ਕਿਸਾਨ ਦੀ ਜਿੱਤ ਅਤੇ ਹਉਮੈ, ਹੰਕਾਰ ਦੀ ਹਾਰ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਗਿਆਰਾਂ ਮਹੀਨਿਆਂ ਤੋਂ ਇਹ ਕਹਿੰਦੀ ਸੀ ਕਿ ਤਿੰਨ ਖੇਤੀ ਕਾਨੂੰਨ ਕਿਸਾਨਾਂ ਲਈ ਫ਼ਾਇਦੇਮੰਦ ਹਨ।ਕਿਸਾਨਾਂ ਨੂੰ ਇਹ ਖੇਤੀ ਕਾਨੂੰਨ ਪੰਸਦ ਨਹੀਂ ਸਨ,ਇਸੇ ਲਈ ਪਿਛਲੇ ਇੱਕ ਸਾਲ ਤੋਂ ਪੂਰਾ ਹਿੰਦੁਸਤਾਨ ਇੱਕ ਜੁੱਟ ਹੋ ਕੇ ਇਸ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਬੈਠ ਕੇ ਸੰਘਰਸ਼ ਕਰ ਰਿਹਾ ਸੀ।
ਇਹ ਕੇਵਲ ਕਿਸਾਨ ਅੰਦੋਲਨ ਨਾਂ ਹੋਕੇ,ਜਨ ਅੰਦੋਲਨ ਦਾ ਰੂਪ ਧਾਰ ਚੁਕਾ ਸੀ ਜਿਸ ਨੂੰ ਵੇਖਦਿਆਂ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ।ਬ੍ਰਹਮਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰ ਮੋਦੀ ਦੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨਾਲ ਇਸ ਜਨ ਅੰਦੋਲਨ ਅਤੇ ਕਿਸਾਨਾਂ,ਮਜਦੂਰਾਂ ਦੀ ਜਿੱਤ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਇਕ ਸਾਲ ਬਾਅਦ ਖੇਤੀ ਵਿਰੋਧੀ ਕਾਨੂੰਨ ਰੱਦ ਹੋ ਗਏ ਹਨ ਪਰ ਇਸ ਸਮੇਂ ਦੌਰਾਨ ਸੈਂਕੜੇ ਕਿਸਾਨਾਂ,ਮਜਦੂਰਾਂ ਦੀ ਸ਼ਹਾਦਤ ਵੀ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਵੀ ਮੰਨੇ ਅਤੇ ਐੱਮਐੱਸਪੀ ਦੇ ਤਹਿਤ ਫਸਲਾਂ ਦੀ ਖਰੀਦ ਯਕੀਨੀ ਬਣਾਉਣ ਵਾਲਾ ਕਾਨੂੰਨ ਪਾਸ ਕਰੇ।