ताज़ा खबरपंजाब

ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਰਸਮੀ ਤੌਰ ਉਤੇ ਭਾਜਪਾ ਦਾ ਅਟੁੱਟ ਹਿੱਸਾ ਬਣਿਆ : ਰੰਧਾਵਾ

ਸਾਬਕਾ ਮੁੱਖ ਮੰਤਰੀ ਨੇ ਕਿਸਾਨਾਂ, ਪੰਜਾਬੀਆਂ ਤੇ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ

ਚੰਡੀਗੜ੍ਹ, 27 ਅਕਤੂਬਰ (ਬਿਊਰੋ) : ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਰਸਮੀ ਤੌਰ ਉਤੇ ਭਾਜਪਾ ਦਾ ਅਟੁੱਟ ਹਿੱਸਾ ਬਣ ਗਿਆ ਹੈ। ਗੈਰ ਰਸਮੀ ਤੌਰ ਅਤੇ ਅੰਦਰਖਾਤੇ ਤਾਂ ਉਹ ਬਹੁਤ ਪਹਿਲਾਂ ਹੀ ਭਾਜਪਾ ਨਾਲ ਰਲੇ ਹੋਏ ਸਨ ਪਰ ਅੱਜ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਸੀਟਾਂ ਦਾ ਸਮਝੌਤਾ ਕਰਨ ਦਾ ਐਲਾਨ ਕਰਕੇ ਸਾਬਕਾ ਮੁੱਖ ਮੰਤਰੀ ਨੇ ਇਸ ਦਾ ਰਸਮੀ ਐਲਾਨ ਕਰ ਦਿੱਤਾ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕਹੀ।
ਸ. ਰੰਧਾਵਾ ਨੇ ਕਿਹਾ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਨਾ ਸਿਰਫ ਕਾਂਗਰਸ ਪਾਰਟੀ ਸਗੋਂ ਪਿਛਲੇ 11 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸਮੁੱਚੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਭਾਜਪਾ ਦਾ ਪਾਲੇ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਕਿਸਾਨਾਂ ਦੀ ਕੁਰਬਾਨੀ ਨੂੰ ਵੀ ਭੁਲਾ ਦਿੱਤਾ ਜਿਨ੍ਹਾਂ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਈਆਂ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਦੇ ਰੰਗ ਵਿੱਚ ਰੰਗਿਆ ਸਾਡਾ ਸਾਬਕਾ ਮੁੱਖ ਮੰਤਰੀ ਜਿਸ ਤਰ੍ਹਾਂ ਬੀ.ਐਸ.ਐਫ. ਜ਼ਰੀਏ ਅੱਧੇ ਪੰਜਾਬ ਉਤੇ ਕਬਜ਼ਾ ਕਰਨ ਦੇ ਫੈਸਲੇ ਦੀ ਖੁੱਲ੍ਹ ਕੇ ਹਮਾਇਤ ਕਰ ਰਿਹਾ ਹੈ, ਉਸ ਤੋਂ ਜੱਗ ਜ਼ਾਹਰ ਹੈ ਕਿ ਹੁਣ ਉਸ ਨੂੰ ਨਿੱਜੀ ਹਿੱਤ ਪਿਆਰੇ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਆਪਣੀ ਸਾਰੀ ਉਮਰ ਦੀ ਖੱਟੀ ਕਮਾਈ ਖੂਹ ਵਿੱਚ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾ ਰਹੇ ਤਰਕ ਵੀ ਉਸ ਦੇ ਇਸ ਫੈਸਲੇ ਨੂੰ ਸਹੀ ਸਿੱਧ ਨਹੀਂ ਕਰ ਸਕਦੇ। ਉਹ ਕਹਿ ਰਹੇ ਹਨ ਕਿ ਡਰੋਨ 30 ਕਿਲੋਮੀਟਰ ਤੱਕ ਆ ਸਕਦੇ ਹਨ, ਫੇਰ ਤਾਂ ਇਸ ਲਿਹਾਜ਼ ਨਾਲ ਲੜਾਕੂ ਜਹਾਜ਼ ਤੇ ਹੈਲੀਕਾਪਟਰ ਤਾਂ 200 ਕਿਲੋਮੀਟਰ ਤੱਕ ਵੀ ਆ ਸਕਦੇ ਹਨ। ਅਮਰਿੰਦਰ ਸਿੰਘ ਨੇ ਭਾਜਪਾ ਦੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲੱਗਿਆ ਇਹ ਵੀ ਨਹੀਂ ਸੋਚਿਆ ਕਿ ਉਸ ਦੇ ਸੂਬੇ ਦੀ ਪੁਲਿਸ ਫੋਰਸ ਦਾ ਮਨੋਬਲ ਡਿੱਗੇਗਾ ਜਿਸ ਫੋਰਸ ਦਾ ਉਹ ਸਾਢੇ 9 ਸਾਲ ਗ੍ਰਹਿ ਮੰਤਰੀ ਰਿਹਾ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਸਭ ਤੋਂ ਲੰਬਾਂ ਸਮਾਂ ਕਾਂਗਰਸੀ ਮੁੱਖ ਮੰਤਰੀ ਬਣੇ ਰਹਿਣ ਦਾ ਮਾਣ ਦਿੱਤਾ। ਜਿਸ ਕਾਂਗਰਸ ਪਾਰਟੀ ਦੇ ਇਕ-ਇਕ ਵਰਕਰ ਤੇ ਸਮਰਥਕ ਦੇ ਸਹਿਯੋਗ ਸਦਕਾ ਉਸ ਨੇ 2014 ਵਿੱਚ ਭਾਜਪਾ ਦੇ ਦਿੱਗਜ਼ ਆਗੂ ਅਰੁਣ ਜੇਤਲੀ ਨੂੰ ਹਰਾ ਕੇ ਪੂਰੇ ਦੇਸ਼ ਵਿੱਚ ਭੱਲ ਖੱਟੀ ਸੀ, ਅੱਜ ਕੈਪਟਨ ਅਮਰਿੰਦਰ ਸਿੰਘ ਉਸੇ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਭਾਜਪਾ ਦੇ ਪਾਲੇ ਵਿੱਚ ਚਲਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਹਾਰੇ ਤੇ ਹੰਭੇ ਹੋਏ ਸਿਆਸਤਦਾਨ ਵਾਂਗ ਬਿਆਨ ਦੇ ਰਿਹਾ ਹੈ ਜਿਸ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ।

Related Articles

Leave a Reply

Your email address will not be published.

Back to top button