ਵਿਦਿਆਰਥੀਆਂ ਵਿੱਚ ਸ਼ਬਦ ਕੀਰਤਨ ਅਤੇ ਕਵੀਸ਼ਰੀ ਦੇ ਕਰਵਾਏ ਮੁਕਾਬਲੇ
ਚੋਹਲਾ ਸਾਹਿਬ/ਤਰਨਤਾਰਨ,27 ਅਕਤੂਬਰ (ਰਾਕੇਸ਼ ਨਈਅਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਕਾਲਜ ਦੇ ਵਿਦਿਆਰਥੀਆਂ ਵਿੱਚ ਸ਼ਬਦ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ।ਸਮਾਗਮ ਦੀ ਆਰੰਭਤਾ ਸਮੇਂ ਕਾਲਜ ਦੇ ਧਾਰਮਿਕ ਵਿਭਾਗ ਦੇ ਪ੍ਰੋ.ਕਿਰਨਜੀਤ ਕੌਰ ਵੱਲੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਸਿੱਖ ਧਰਮ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਨਿਮਰਤਾ ਅਤੇ ਸੇਵਾ ਭਾਵ ਸਿੱਖਣ ਲਈ ਪ੍ਰੇਰਿਤ ਕੀਤਾ।ਉਪਰੰਤ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਅਤੇ ਕਵੀਸ਼ਰੀ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ।
ਸ਼ਬਦ ਕੀਰਤਨ ਦੇ ਕਰਵਾਏ ਗਏ ਮੁਕਾਬਲੇ ਵਿੱਚ ਕਾਲਜ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਅਤੇ ਸਾਥੀਆਂ ਅਤੇ ਜਸ਼ਨਪ੍ਰੀਤ ਸਿੰਘ ਤੇ ਸਾਥੀਆਂ ਨੇ ਪਹਿਲਾ ਸਥਾਨ,ਦਿਲਦੀਪਕ ਸਿੰਘ ਤੇ ਸਾਥੀਆਂ ਨੇ ਦੂਜਾ ਸਥਾਨ ਅਤੇ ਪ੍ਰਭਜੋਤ ਕੌਰ ਤੇ ਸਾਥਣਾਂ ਅਤੇ ਸੰਦੀਪ ਕੌਰ ਤੇ ਸਾਥਣਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਕਵੀਸ਼ਰੀ ਮੁਕਾਬਲਿਆਂ ਵਿੱਚੋਂ ਪਵਨਦੀਪ ਕੌਰ ਤੇ ਸਾਥਣਾਂ ਨੇ ਪਹਿਲਾ,ਜੋਬਨਪ੍ਰੀਤ ਸਿੰਘ ਨੇ ਦੂਜਾ ਅਤੇ ਕਰਨਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਕਾਲਜ ਦੇ ਪ੍ਰੋ.ਹਿੰਮਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਤਰਾਂ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹਦੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।