ਲੋਕਾਂ ਦੀ ਮੱਦਦ ਤੇ ਸਹੂਲਤ ਲਈ ਪੁਲਿਸ ਦੇ ਦਰ ਹਮੇਸ਼ਾਂ ਖੁੱਲ੍ਹੇ-ਐਸ.ਐਚ.ਓ, ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਹੋਵੇਗੀ ਸਖਤ ਕਾਰਵਾਈ
ਚੋਹਲਾ ਸਾਹਿਬ/ਤਰਨਤਾਰਨ, 20 ਅਕਤੂਬਰ (ਨਈਅਰ) :
ਪੁਲਸ ਥਾਣਾ ਚੋਹਲਾ ਸਾਹਿਬ ਦੇ ਨਵ-ਨਿਯੁਕਤ ਐਸ.ਐਚ.ਓ ਸਬ-ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਵਲੋਂ ਬੁੱਧਵਾਰ ਸ਼ਾਮ ਨੂੰ ਪੱਤਰਕਾਰਾਂ ਨਾਲ ਰੱਖੀ ਗਈ ਮੀਟਿੰਗ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਪੂਰੇ ਇਲਾਕੇ ਵਿੱਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਹਰਵਿੰਦਰ ਸਿੰਘ ਵਿਰਕ ਵਲੋਂ ਨਸ਼ਿਆਂ ਖ਼ਿਲਾਫ਼ ਸਖ਼ਤੀ ਨਾਲ ਵਿੱਢੀ ਗਈ ਮੁਹਿੰਮ ਤਹਿਤ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਤਾੜਣਾ ਕਰਦੇ ਹੋਏ ਕਿਹਾ ਕਿ ਉਹ ਆਪਣਾ ਧੰਦਾ ਤੁਰੰਤ ਬੰਦ ਕਰ ਦੇਣ ਨਹੀਂ ਤਾਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਰਹਿਣ।
ਪੁਲਿਸ ਥਾਣਾ ਚੋਹਲਾ ਸਾਹਿਬ ਦੇ ਨਵ-ਨਿਯੁਕਤ ਐਸ.ਐਚ.ਓ ਸਬ-ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਪੱਤਰਕਾਰਾਂ ਨਾਲ ਮੀਟਿੰਗ ਕਰਦੇ ਹੋਏ।
ਉਨ੍ਹਾਂ ਕਿਹਾ ਕਿ ਪੁਲਿਸ ਥਾਣੇ ਆਏ ਲੋਕਾਂ ਨੂੰ ਮਾਣ-ਸਨਮਾਨ ਅਤੇ ਇਨਸਾਫ ਮਿਲੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ।ਪੁਲਿਸ ਲੋਕਾਂ ਦੀ ਸੇਵਾ ਲਈ ਹੈ ਅਤੇ ਲੋਕਾਂ ਦੀ ਮੱਦਦ ਤੇ ਸਹੂਲਤ ਲਈ ਪੁਲਿਸ ਦੇ ਦਰ ਹਮੇਸ਼ਾਂ ਖੁਲ੍ਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਆਪਣਾ ਸਾਥ ਦੇਣ ਅਤੇ ਪੁਲਿਸ ਨੂੰ ਹਮੇਸ਼ਾਂ ਸਹੀ ਸਮੇਂ ‘ਤੇ ਸੱਚੀ ਜਾਣਕਾਰੀ ਦਿੱਤੀ ਜਾਵੇ।ਐਸ.ਐਚ.ਓ ਨੇ ਕਿਹਾ ਕਿ ਨਗਰ ਚੋਹਲਾ ਸਾਹਿਬ ਦੀ ਇਤਿਹਾਸਕ ਮਹੱਤਤਾ ਹੋਣ ਕਰਕੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਇਥੇ ਧਾਰਮਿਕ ਦਰਸ਼ਨਾਂ ਲਈ ਆਉਂਦੇ ਹਨ,ਇਸ ਲਈ ਉਨ੍ਹਾਂ ਵਲੋਂ ਬਜ਼ਾਰ ਦੇ ਸਮੂਹ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਤੈਅ ਸੀਮਾ ਤੋਂ ਵੱਧ ਰੱਖੇ ਜਾਂਦੇ ਸਮਾਨ ਨੂੰ ਤੁਰੰਤ ਹਟਾ ਲੈਣ ਤਾਂ ਜ਼ੋ ਅਵਾਜਾਈ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਘਨ ਨਾ ਪਵੇ।ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਵਲੋਂ ਕਸਬੇ ਵਿੱਚ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਲਗਾਤਾਰ ਗਸ਼ਤ ਕੀਤੀ ਜਾਵੇਗੀ ਅਤੇ ਨਾਕੇ ਲਗਾਏ ਜਾਣਗੇ ਤਾਂ ਜ਼ੋ ਲੋਕ ਡਰ ਭੈਅ ਤੋਂ ਮੁਕਤ ਹੋ ਸਕਣ।ਇਸ ਮੌਕੇ ਉਨ੍ਹਾਂ ਨਾਲ ਥਾਣਾ ਚੋਹਲਾ ਸਾਹਿਬ ਦੇ ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਖਹਿਰਾ ਸ਼ੇਰੋਂ ਵੀ ਹਾਜ਼ਰ ਸਨ।