ਭੁੰਨਰਹੇੜੀ,ਪਟਿਆਲਾ 12 ਅਕਤੂਬਰ (ਕ੍ਰਿਸ਼ਨ ਗਿਰ) : ਦੇਵੀਗੜ੍ਹ ਇਲਾਕੇ ਦੀ ਇਤਿਹਾਸਕ ਨਗਰੀ ਮਗਰ ਸਾਹਿਬ ਦੇ ਵਸਨੀਕ ਕਮਲਦੀਪ ਸ਼ਰਮਾ ਦੀ ਸੰਸਾਰ ਪ੍ਰਸਿੱਧ ਵਿਗਿਆਨੀਆਂ ਦੀ ਸੰਸਥਾ ਇਸਰੋ ’ਚ ਵਿਗਿਆਨੀ ਵਜੋਂ ਚੋਣ ਦੇਸ਼ ਅਤੇ ਪੰਜਾਬ ਅਤੇ ਇਲਾਕੇ ਲਈ ਵੱਡੀ ਮਾਣ ਦੀ ਗੱਲ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਿੰਦਰ ਸਿੰਘ ਫਰਾਂਸਵਾਲਾ ਮੈਂਬਰ ਜ਼ਿਲਾ ਪ੍ਰੀਸ਼ਦ ਨੇ ਕਮਲਦੀਪ ਸ਼ਰਮਾ ਦਾ ਸਨਮਾਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਮਨਿੰਦਰ ਫਰਾਂਸਵਾਲਾ ਨੇ ਕਿਹਾ ਕਿ ਇਕ ਛੋਟੇ ਜਿਹੇ ਪਿੰਡ ਦੇ ਵਿਦਿਆਰਥੀ ਵਲੋਂ ਕੁੱਝ ਬਣਨ ਦੇ ਸੰਕਲਪ ਲਈ ਕੀਤੀ ਮਿਹਨਤ ਦਾ ਫਲ ਹੀ ਕਮਲਦੀਪ ਸ਼ਰਮਾ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਮਲਦੀਪ ਸ਼ਰਮਾ ਨੇ ਸਖ਼ਤ ਮਿਹਨਤ ਕਰਕੇ ਨਰਾਇਣ ਪਬਲਿਕ ਸਕੂਲ ’ਚ 70 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ, ਜਿਥੇ ਉਸਦਾ ਹੌਂਸਲਾ ਵਧਿਆ ਅਤੇ ਇਸ ਉਪਰੰਤ ਬੀ-ਟੈਕ ਕਰਨ ਅਤੇ ਸਾਇੰਸ ਦੀ ਸਟੱਡੀ ਲਈ ਦਿਨ ਰਾਤ ਇਕ ਕਰ ਦਿੱਤਾ।
ਮਨਿੰਦਰ ਫਰਾਂਸਵਾਲਾ ਨੇ ਕਿਹਾ ਕਿ ਕਮਲਦੀਪ ਸ਼ਰਮਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਸਦੇ ਮਾਪਿਆਂ ਪਿਤਾ ਪੁਸ਼ਪਨਾਥ ਨੇ ਪੂਰਾ ਸਾਥ ਦਿੱਤਾ ਅਤੇ ਕਮਲਦੀਪ ਸ਼ਰਮਾ ਨੇ 3 ਸਾਲ ਦਿੱਲੀ ਰਹਿ ਕੇ ਜੋ ਮਿਹਨਤੀ ਕੀਤੀ ਉਸੇ ਦੇ ਸਦਕਾ ਉਸਦੀ 15 ਮੈਂਬਰੀ ਵਿਗਿਆਨੀਆਂ ਦੇ ਪੈਨਲ ਨੇ ਇਸਰੋ ਸੰਸਥਾ ਲਈ ਵਿਗਿਆਨੀ ਵਜੋਂ ਚੋਣ ਕੀਤੀ ਗਈ ਜੋ ਕਿ ਇਕ ਪੱਛੜੇ ਇਲਾਕੇ ਦੇ ਵਿਦਿਆਰਥੀ ਲਈ ਬੜੀ ਮਾਣ ਵਾਲੀ ਗੱਲ ਹੈ ਕਿਉਕਿ ਸੰਸਾਰ ਪ੍ਰਸਿੱਧ ਇਸਰੋ ’ਚੋਂ ਨਾਮੀ ਵਿਗਿਆਨੀ ਸਾਹਮਣੇ ਆਏ ਹਨ।
ਇਸ ਮੌਕੇ ਪੁਸ਼ਪਨਾਥ ਪਿਤਾ ਕਮਲਦੀਪ ਸ਼ਰਮਾ ਤੋਂ ਇਲਾਵਾ ਗੁਰਜੀਤ ਸਿੰਘ ਨਿਜਾਪੁਰ, ਯੂਥ ਬਲਾਕ ਪ੍ਰਧਾਨ ਰਿਸ਼ੂ ਗਿਰ ਪਿੱਪਲਖੇੜੀ, ਖੁਸ਼ਵਿੰਦਰ ਸ਼ਰਮਾ ਭੁੰਨਰਹੇੜੀ, ਸੋਨੂੰ ਘਟਕੇੜੀ, ਹੈਪੀ ਤੇ ਨਿਰਮਲ ਜੁਲਕਾਂ ਆਦਿ ਵੀ ਹਾਜ਼ਰ ਸਨ।