ताज़ा खबरपंजाब

40 ਹਜ਼ਾਰ ਲੀਟਰ ਕੈਮੀਕਲ ਸਪਿਰਟ ਸਮੇਤ 6 ਸਮੱਗਲਰ ਕਾਬੂ : ਐਸ.ਐਸ.ਪੀ. ਨਵਜੋਤ ਸਿੰਘ ਮਾਹਲ

ਹੁਸ਼ਿਆਰਪੁਰ (ਜਸਵੀਰ ਸਿੰਘ ਪੁਰੇਵਾਲ) : ਨਸ਼ਿਆਂ ਅਤੇ ਸਮੱਗਲਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ 6 ਸਮੱਗਲਰਾਂ ਨੂੰ ਸਪਿਰਟ ਨਾਲ ਭਰੇ 2 ਟੈਂਕਰਾਂ, 3 ਕਾਰਾਂ ਸਮੇਤ ਕਾਬੂ ਕਰਕੇ 40 ਹਜ਼ਾਰ ਲੀਟਰ ਕੈਮੀਕਲ ਸਪਿਰਟ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫੜਿਆ ਗਿਆ ਗੈਂਗ ਇਸ ਸਪਿਰਟ ਤੋਂ ਜਾਅਲੀ ਨਸ਼ੀਲੀ ਅਤੇ ਜ਼ਹਿਰੀਲੀ ਸ਼ਰਾਬ ਬਣਾਉਂਦੇ ਸਨ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਹੀ ਖਤਰਨਾਕ ਹੈ।
ਇਹ ਸਪਿਰਟ ਥਾਣਾ ਤਲਵਾੜਾ ਦੀ ਹੱਦ ਨਾਲ ਲੱਗਦੇ ਕਸਬਾ ਟੈਰਸ ਦੀ ਫੈਕਟਰੀ ਤੋਂ ਟੈਂਕਰਾਂ ਰਾਹੀਂ ਬੱਦੀ ਅਤੇ ਪਰਮਾਣੂ ਲੈ ਕੇ ਜਾਣੀ ਸੀ ਅਤੇ ਇਹ ਸਪਿਰਟ ਜਾਅਲੀ ਅਤੇ ਨਸ਼ੀਲੀ ਸ਼ਰਾਬ ਬਨਾਉਣ ਲਈ ਪੰਜਾਬ ਅੰਦਰ ਬਟਾਲਾ, ਦੀਨਾ ਨਗਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਡਮਟਾਲ ਅਤੇ ਇੰਦੌਰਾ ਵਿਖੇ ਸਪਲਾਈ ਕਰਦੇ ਸਨ।


ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਦੇ ਨਿਰਦੇਸ਼ਾਂ ’ਤੇ ਨਸ਼ਾ ਸਮੱਗਲਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਦੀ ਨਿਗਰਾਨੀ ਹੇਠ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਅਤੇ ਐਸ.ਆਈ. ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਪਿੰਡ ਬਰਿੰਗਲੀ ਥਾਣਾ ਤਲਵਾੜਾ ਦੀ ਖੱਡ ਵਿੱਚ ਖੜੇ ਟੈਂਕਰਾਂ ਵਿੱਚੋਂ ਸਪਿਰਟ ਚੋਰੀ ਕਰਕੇ ਪਲਾਸਟਿਕ ਦੇ ਕੈਨਾਂ ਵਿੱਚ ਪਾਉਂਦੇ ਇਨ੍ਹਾਂ 6 ਸਮੱਗਲਰਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਰਿੰਦਰ ਲਾਲ ਉਰਫ ਰਿੰਕੂ ਵਾਸੀ ਸੋਹਲ ਥਾਣਾ ਧਾਰੀਵਾਲ ਗੁਰਦਾਸਪੁਰ, ਰਕੇਸ਼ ਉਰਫ ਬਾਬਾ ਵਾਸੀ ਗੰਗਵਾਲ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼, ਗੁਰਚਰਨ ਸਿੰਘ ਉਰਫ ਸ਼ਿੰਟਾ ਵਾਸੀ ਟਾਂਡਾ ਚੂੜੀਆਂ ਥਾਣਾ ਹਾਜੀਪੁਰ, ਗੁਰਵਿੰਦਰ ਸਿੰਘ ਵਾਸੀ ਝੂਗੀਆਂ ਥਾਣਾ ਜੂਲਕਾ ਜ਼ਿਲ੍ਹਾ ਪਟਿਆਲਾ, ਦਾਰਾ ਖਾਨ ਵਾਸੀ ਗਾਰਦੀ ਨਗਰ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਅਤੇ ਦਿਨੇਸ਼ ਵਾਸੀ ਪੁਰਾਣੀ ਆਬਾਦੀ ਅਵਾਖਾਂ ਥਾਣਾ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਵਲੋਂ ਰੇਡ ਕਰਕੇ ਸਮੱਗਲਰਾਂ ਨੂੰ ਕਾਬੂ ਕਰਨ ਦੇ ਨਾਲ-ਨਾਲ ਇਕ ਕਾਰ ਆਈ-20 ਪੀ.ਬੀ. 23 ਆਰ 0254 ਵਿੱਚੋਂ 10 ਕੈਨ ਕੈਮੀਕਲ ਸਪਿਰਟ, ਕਾਰ ਹਾਂਡਾ ਸਿਵਿਕ ਨੰਬਰ ਪੀ ਬੀ-74-81 ਵਿੱਚੋਂ 5 ਕੈਨ ਕੈਮੀਕਲ ਸਪਿਰਟ ਅਤੇ ਕਾਰ ਐਸ.ਐਕਸ. 4 ਨੰਬਰ ਯੂ.ਪੀ. 14 ਏ ਐਮ 2556 ਵਿੱਚੋਂ 5 ਕੈਨ ਕੈਮੀਕਲ ਸਪਿਰਟ ਬਰਾਮਦ ਕੀਤੇ ਅਤੇ ਟੈਂਕਰ ਨੰਬਰ ਪੀ ਬੀ 11-ਸੀ ਐਲ 4049 ਵੀ ਕਬਜੇ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਟੈਂਕਰ ਪੀ.ਬੀ. 10 ਡੀ ਜੈਡ 1147 ਨੂੰ ਉਸ ਦੇ ਡਰਾਈਵਰ ਵਲੋਂ ਟੈਂਕਰ ਦੇ ਢੱਕਣ ਦੀ ਸੀਲ ਤੋੜ ਕੇ ਢੱਕਣ ਨੂੰ ਲਾਉਂਦੇ ਹੋਏ ਕਾਬੂ ਕੀਤਾ ਗਿਆ। ਪੁਲਿਸ ਵਲੋਂ ਥਾਣਾ ਤਲਵਾੜਾ ਵਿੱਚ ਆਈ.ਪੀ.ਸੀ. ਦੀ ਧਾਰਾ 379, 380, 328, 420 ਅਤੇ ਆਬਕਾਰੀ ਐਕਟ ਦੀ ਧਾਰਾ 61/63/78-1-14 ਤਹਿਤ ਮਾਮਲਾ ਦਰਜ ਕੀਤਾ ਗਿਆ।


ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਸਪਿਰਟ ਤੋਂ ਜਾਅਲੀ ਨਸ਼ੀਲੀ ਸ਼ਰਾਬ ਤਿਆਰ ਕਰਕੇ ਇਹ ਲੋਕਾਂ ਨੂੰ ਵਧੀਆ ਸ਼ਰਾਬ ਦਸ ਕੇ ਵੇਚਦੇ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਗੈਂਗ ਦਾ ਮੁੱਖ ਸਰਗਨਾ ਰੋਹਿਤ ਵਾਸੀ ਸੋਹਲ ਜੋ ਕਿ ਅਜੇ ਤੱਕ ਭਗੌੜਾ ਹੈ ਨੂੰ ਕਾਬੂ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਲਗਾਈਆਂ ਗਈਆਂ ਹਨ। ਮੁਲਜ਼ਮ ਨਰਿੰਦਰ ਲਾਲ ਖਿਲਾਫ਼ ਪਹਿਲਾਂ ਵੱਖ-ਵੱਖ ਧਾਰਾਵਾਂ ਤਹਿਤ ਲੜਾਈ-ਝਗੜਾ, ਅਸਲਾ ਐਕਟ ਅਤੇ ਆਬਕਾਰੀ ਐਕਟ ਦੇ ਕੁੱਲ 8 ਮੁਕਦਮੇ ਦਰਜ ਹਨ ਜਦਕਿ ਰਕੇਸ਼ ਉਰਫ ਬਾਬਾ ਖਿਲਾਫ਼ ਆਬਕਾਰੀ ਐਕਟ ਦੇ 3 ਮੁਕਦਮੇ ਦਰਜ ਹਨ।

Related Articles

Leave a Reply

Your email address will not be published.

Back to top button