ताज़ा खबरपंजाब

28 ਫਰਵਰੀ ਤੱਕ ਹੀ ਬਣਨਗੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਈ ਹੈਲਥ ਕਾਰਡ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਡ ਬਣਾਉਣ ਦੀ ਮੁਹਿੰਮ ਜਾਰੀ

ਲਾਭਪਾਤਰੀ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚੋਂ 5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਕਰਵਾਉਣ ਲਈ ਕਾਰਡ ਬਣਾਉਣ ਨੂੰ ਤਰਜ਼ੀਹ ਦੇਣ : ਡਿਪਟੀ ਕਮਿਸ਼ਨਰ

ਜਲੰਧਰ (ਅਮਨਦੀਪ ਸਿੰਘ) : ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ ਹੈਲਥ ਕਾਰਡ 28 ਫਰਵਰੀ ਤੱਕ ਹੀ ਬਣਵਾਏ ਜਾ ਸਕਣਗੇ ਅਤੇ ਇਹ ਕਾਰਡ ਬਣਾਉਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਹਿੰਮ ਜਾਰੀ ਹੈ ਉੱਥੇ ਲਾਭਪਾਤਰੀਆਂ ਨੂੰ ਪ੍ਰੇਰਿਆ ਵੀ ਜਾ ਰਿਹਾ ਹੈ ਕਿ ਉਹ ਪਹਿਲ ਦੇ ਅਧਾਰ ‘ਤੇ ਈ ਹੈਲਥ ਕਾਰਡ ਬਣਵਾਉਣ। ਪ੍ਰਸ਼ਾਸਨ ਵਲੋਂ ਜਾਰੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨਿਰਦੇਸ਼ ਦਿੱਤੇ ਕਿ ਯੋਜਨਾਬੱਧ ਢੰਗ ਨਾਲ ਕਾਰਡ ਬਣਵਾਏ ਜਾਣ ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀ ਇਸ ਸਹੂਲਤ ਦਾ ਫਾਇਦਾ ਲੈ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਕੋਈ ਵੀ ਲਾਭਪਾਤਰੀ ਇਸ ਸਹੂਲਤ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਹੁਣ ਸੇਵਾ ਕੇਂਦਰਾਂ ਵਿੱਚ ਵੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਲਾਭਪਾਤਰੀ ਸੇਵਾ ਕੇਂਦਰ ਤੋਂ ਇਹ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ (ਟਾਈਪ-1) ਸੇਵਾ ਕੇਂਦਰ ਵਿੱਚ ਇਹ ਸੇਵਾ ਸ਼ੁਰੂ ਹੋ ਗਈ ਹੈ ਅਤੇ ਟਾਈਪ-2 ਸੇਵਾ ਕੇਂਦਰਾਂ ਵਿੱਚ 22 ਫਰਵਰੀ ਅਤੇ ਟਾਈਪ-3 ਸੇਵਾ ਕੇਂਦਰਾਂ ਵਿੱਚ 26 ਫਰਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਖੇ 5 ਲੱਖ ਰੁਪਏ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚਲੀਆਂ ਸਮੁੱਚੀਆਂ 13 ਸਰਕਾਰੀ ਸਿਹਤ ਸੰਸਥਾਵਾਂ ਅਤੇ 57 ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ ਅਤੇ ਇਨ੍ਹਾਂ ਹਸਪਤਾਲਾਂ ਦੀ ਸੂਚੀ www.sha.punjab.gov.in ‘ਤੇ ਵੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਲਈ 1579 ਪੈਕੇਜ ਉਪਲੱਬਧ ਹਨ, ਇਨ੍ਹਾਂ ਵਿੱਚੋਂ 180 ਪੈਕੇਜ ਸਰਕਾਰੀ ਹਸਪਤਾਲਾਂ ਲਈ ਰਾਖਵੇਂ ਹਨ, ਜਿਨ੍ਹਾਂ ਵਿੱਚੋਂ 25 ਪੈਕੇਜ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫ਼ਰਯੋਗ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਨਐਫਐਸਏ ਰਾਸ਼ਨ ਕਾਰਡ ਧਾਰਕ ਲਾਭਪਾਤਰੀ, ਉਸਾਰੀ ਕਿਰਤੀ, ਐਸਈਸੀਸੀ ਲਾਭਪਾਤਰੀ, ਛੋਟੇ ਵਪਾਰੀ, ਯੈਲੋ ਕਾਰਡ ਧਾਰਕ ਜਾਂ ਐਕਰੀਡੇਟਡ ਪੱਤਰਕਾਰ ਅਤੇ ਜੇ-ਫਾਰਮ ਧਾਰਕ ਕਿਸਾਨ ਇਸ ਯੋਜਨਾ ਅਧੀਨ ਯੋਗ ਹਨ ਅਤੇ ਲਾਭਪਾਤਰੀ sha.punjab.gov.in ‘ਤੇ ਆਪਣੀ ਯੋਗਤਾ ਚੈੱਕ ਕਰ ਸਕਦੇ ਹਨ। ਉਨ੍ਹਾਂ ਸਮੂਹ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਅਜੇ ਤੱਕ ਕਾਰਡ ਨਹੀਂ ਬਣਵਾਏ, ਉਹ ਆਪਣੇ ਕਾਰਡ ਬਿਨਾਂ ਕਿਸੇ ਦੇਰੀ ਤੋਂ ਬਣਵਾ ਲੈਣ।
ਸ਼੍ਰੀ ਥੋਰੀ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚ ਰਜਿਸਟਰੇਸ਼ਨ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਜ਼ਿਲ੍ਹੇ ਵਿੱਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਮੁਹਿੰਮ ਵਿੱਚ ਜੀ.ਓ.ਜੀ. ਵਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ (ਸੀਐਸਸੀ) ਅਤੇ ਵਿਡਾਲ ਕੰਪਨੀ ਵੱਲੋਂ ਪਹਿਲਾਂ ਹੀ ਕਾਰਡ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਲੋਕ ਸੇਵਾ ਕੇਂਦਰਾਂ ਵਿੱਚ ਵੀ ਆਪਣਾ ਨਾਮ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਖੁਰਾਕ ਤੇ ਸਿਵਲ ਸਪਲਾਈਜ਼, ਮੰਡੀ ਬੋਰਡ, ਆਬਕਾਰੀ, ਕਿਰਤ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਕੈਂਪ ਲਗਾ ਕੇ ਟੀਚੇ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲਾਭਪਾਤਰੀਆਂ ਨੂੰ ਰਜਿਸਟਰੇਸ਼ਨ ਅਤੇ ਈ-ਕਾਰਡ ਬਣਾਉਣ ਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਜ਼ਿਲ੍ਹੇ ਭਰ ਦੀਆਂ ਮਾਰਕੀਟ ਕਮੇਟੀਆਂ ਵਿੱਚ ਜੇ-ਫਾਰਮ ਧਾਰਕ ਕਿਸਾਨਾਂ ਲਈ ਵਿਸ਼ੇਸ਼ ਕੈਂਪ ਸਥਾਪਤ ਕੀਤੇ ਗਏ ਹਨ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਸ ਯੋਜਨਾ ਨੂੰ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਨੋਡਲ ਅਫਸਰ ਐਸ.ਡੀ.ਐਮ ਸ਼੍ਰੀ ਗੌਤਮ ਜੈਨ ਤੋਂ ਇਲਾਵਾ ਐਸ.ਡੀ.ਐਮ ਸ਼੍ਰੀ ਰਾਹੁਲ ਸਿੰਧੂ, ਸ਼੍ਰੀ ਵਿਨੀਤ ਕੁਮਾਰ, ਸ਼੍ਰੀ ਸੰਜੀਵ ਸ਼ਰਮਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਜੀ.ਓ.ਜੀ. ਹਾਜ਼ਰ ਸਨ।

Related Articles

Leave a Reply

Your email address will not be published.

Back to top button