ਜੰਡਿਆਲਾ ਗੁਰੂ, 29 ਸਤੰਬਰ (ਕੰਵਲਜੀਤ ਸਿੰਘ ਲਾਡੀ,ਦਵਿੰਦਰ ਸਿੰਘ ਸਹੋਤਾ) : ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਮਸਲਿਆਂ ਨੂੰ ਲੈ ਕੇ ਪਹਿਲੇ ਪੜਾਵ ਵਿੱਚ ਪੰਜਾਬ ਤੋਂ ਸ਼ੁਰੂ ਹੋਏ 6 ਰਾਜਾਂ ਤੋਂ 19 ਜਥੇਬੰਦੀਆਂ ਵੱਲੋਂ ਭਾਰਤ ਪੱਧਰੀ ਰੇਲ ਰੋਕੋ ਅੰਦੋਲਨ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ ਜਿਸਦੇ ਚਲਦੇ ਧਰਨਿਆਂ ਦੀ ਗਿਣਤੀ ਮੁਕਤਸਰ ਦੇ ਮਲੋਟ ਅਤੇ ਲੁਧਿਆਣਾ ਦੇ ਸਮਰਾਲਾ ਤੇ ਫਰੀਦਕੋਟ ਵਿੱਚ ਮੋਰਚੇ ਸ਼ੁਰੂ ਹੋਣ ਨਾਲ ਕੱਲ੍ਹ ਦੇ 17 ਤੋਂ ਵਧ ਕੇ 20 ਹੋ ਗਈ ਅਤੇ ਕੱਲ ਹਰਿਆਣਾ ਵਿਚ ਅੰਬਾਲਾ ਵਿੱਚ ਵੀ ਰੇਲ ਰੋਕੋ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ 23 ਅਤੇ 24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਇਆ ਜਾਵੇਗਾ, ਜਿਸਦੇ ਚਲਦੇ ਦੇਸ਼ ਭਰ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕੱਦ ਪੁਤਲੇ ਫੂਕ ਕੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ।
ਓਹਨਾ ਕਿਹਾ ਕਿ ਅੰਦੋਲਨ ਮੰਗ ਕਰਦਾ ਹੈ ਕਿ ਉਤਰ ਭਾਰਤ ਦੇ ਹੜ੍ਹ ਪੀੜਤ ਰਾਜਾਂ ਲਈ 50 ਹਜ਼ਾਰ ਕਰੋੜ ਦਾ ਰਾਹਤ ਪੈਕੇਜ਼,ਸਾਰੀਆਂ ਫਸਲਾਂ ਤੇ ਐਮ. ਐੱਸ. ਪੀ. ਗਰੰਟੀ ਕਨੂੰਨ ਅਤੇ ਫਸਲਾਂ ਦਾ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ, ਕਿਸਾਨ ਮਜਦੂਰ ਦੀ ਪੂਰਨ ਕਰਜ਼ ਮੁਕਤੀ, ਮਨਰੇਗਾ ਚ ਹਰ ਸਾਲ ਦੇ 200 ਦਿਨ ਰੁਜਗਾਰ,ਦਿੱਲੀ ਅੰਦੋਲਨ ਦੌਰਾਨ ਬਣੇ ਪੁਲਿਸ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲਕਾਂਡ ਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ | ਓਹਨਾ ਕਿਹਾ ਕਿ ਝੋਨੇ ਦੀ ਫਸਲ ਦੀ ਵਾਢੀ ਦਾ ਜ਼ੋਰ ਹੋਣ ਦੇ ਬਾਵਜੂਦ ਲੋਕ ਹੁੰਮ-ਹੁਮਾ ਕੇ ਅੰਦੋਲਨ ਵਿੱਚ ਪਹੁੰਚ ਰਹੇ ਹਨ | ਓਹਨਾ ਕਿਹਾ ਕਿ ਦਿੱਲੀ ਮੋਰਚੇ ਦੇ 750 ਸ਼ਹੀਦਾਂ ਦੀ ਕੁਰਬਾਨੀ ਅਜ਼ਾਈਂ ਨਹੀਂ ਜਾਵੇਗੀ ਅਤੇ ਕਿਸਾਨ ਮਜਦੂਰ ਦੇ ਹੱਕਾਂ ਤੇ ਮੰਗਾਂ ਮਸਲਿਆਂ ਦੀ ਲੜਾਈ ਲਗਾਤਾਰ ਜਾਰੀ ਰੱਖੀ ਜਾਵੇਗੀ।
ਇਸ ਮੌਕੇ ਵੱਖ ਰੇਲ ਮੋਰਚਿਆਂ ਤੋਂ ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ,ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਲਾਲ ਸਿੰਘ ਪੰਡੋਰੀ, ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰ ਬਾਲਾ, ਸਤਨਾਮ ਸਿੰਘ ਮਾਣੋਚਾਹਲ, ਹਰਜਿੰਦਰ ਸਿੰਘ ਸ਼ਕਰੀ, ਹਰਵਿੰਦਰ ਸਿੰਘ ਮਸਾਣੀਆਂ, ਪਰਮਜੀਤ ਸਿੰਘ ਭੁੱਲਾ, ਸਲਵਿੰਦਰ ਸਿੰਘ ਜਾਣੀਆਂ ਅਤੇ ਕੰਵਰਦਲੀਪ ਸੈਦੋਲੇਹਲ ਨੇ ਸੰਬੋਧਨ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜਦੂਰ ਔਰਤਾਂ ਹਾਜ਼ਿਰ ਰਹੇ |