
ਪਟਿਆਲਾ, 26 ਫਰਵਰੀ (ਕਿ੍ਸ਼ਨ ਗਿਰ) :- ਪਿੰਡ ਈਸਰਹੇੜੀ ’ਚ ਪਤੰਗ ਉਡਾਉਂਦਿਆਂ 8 ਸਾਲਾ ਬੱਚੇ ਦੀ ਕੋਠੇ ਦੇ ਛੱਜੇ ਤੋਂ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਈਸਰਹੇੜੀ ਦਾ ਗੁਰਮੀਤ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਉਹ ਜਦੋਂ ਕੰਮ ’ਤੇ ਗਿਆ ਸੀ ਤਾਂ ਪਿੱਛੋਂ ਉਸਦਾ 8 ਸਾਲਾ ਪੁੱਤਰ ਜਸ਼ਨਦੀਪ ਸਿੰਘ ਆਪਣੇ ਦਾਦੇ ਦੇ ਕੋਠੇ ’ਤੇ ਪਤੰਗ ਉਡਾਉਣ ਲੱਗ ਪਿਆ ਤਾਂ ਇਸੇ ਦੌਰਾਨ ਉਹ ਜਦੋਂ ਕੋਠੇ ਦੇ ਛੱਜੇ ਨਾਲ ਖੜ੍ਹਿਆ ਤਾਂ ਅਚਾਨਕ ਹੀ ਛੱਜਾ ਹੇਠਾਂ ਡਿੱਗ ਗਿਆ, ਜਿਸ ਨਾਲ ਬੱਚਾ ਵੀ ਹੇਠਾਂ ਡਿੱਗ ਪਿਆ, ਜਿਸ ਨੂੰ ਪਰਿਵਾਰ ਵਾਲਿਆਂ ਨੇ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਪਰ ਸਿਰ ਵਿਚ ਡੂੰਘੀ ਸੱਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਗਈ। ਉਹ ਪਹਿਲੀ ਕਲਾਸ ਵਿਚ ਪੜ੍ਹਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਦੌਰਾਨ ਥਾਣਾ ਜੁਲਕਾਂ ਪੁਲਸ ਦੇ ਏ. ਐਸ. ਆਈ. ਨਰਾਤਾ ਰਾਮ ਨੇ ਮਾਮਲੇ ਦੀ ਪੜ੍ਹਤਾਲ ਅਤੇ ਧਾਰਾ 174 ਦੀ ਕਾਰਵਾਈ ਕਰਦਿਆਂ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ। ਇਸ ਦੌਰਾਨ ਸਰਪੰਚ ਕਰਮਜੀਤ ਸਿੰਘ ਨੇ ਗਰੀਬ ਪਰਿਵਾਰ ਦੇ ਮਾਸੂਮ ਬੱਚੇ ਦੀ ਮੌਤ ’ਤੇ ਪਰਿਵਾਰ ਨਾਲ ਹਮਦਰਦੀ ਜਤਾਈ।