ਨਿਗਰਾਨ ਟੀਮਾਂ ਨੂੰ ਹੋਰ ਐਕਟਿਵ ਕਰਨ ਲਈ ਕਿਹਾ , ਚੋਣ ਅਮਲੇ ਤੇ ਗਿਣਤੀ ਸਟਾਫ਼ ਦੀ ਵਿਆਪਕ ਸਿਖ਼ਲਾਈ ’ਤੇ ਦਿੱਤਾ ਜ਼ੋਰ
ਚੋਣਾਂ ਦੇ ਕੰਮ ’ਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡਾ. ਹਿਮਾਂਸ਼ੂ ਅਗਰਵਾਲ
ਜਲੰਧਰ, 11 ਮਈ (ਕਬੀਰ ਸੌਂਧੀ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਲੋਕ ਸਭਾ ਹਲਕਾ ਜਲੰਧਰ (ਅ.ਜ.) ਲਈ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਨੋਡਲ ਅਫ਼ਸਰਾਂ ਨੂੰ ਬਿਹਤਰੀਨ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ ਹੈ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਨੋਡਲ ਅਫ਼ਸਰਾਂ, ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਮਾਸਟਰ ਟ੍ਰੇਨਰਾਂ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਮੌਜੂਦਾ ਸਮੇਂ ਜਲੰਧਰ ਲੋਕ ਸਭਾ ਹਲਕੇ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਚੋਣ ਸਰਗਰਮੀਆਂ ਵਿੱਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ, ਜਿਸ ’ਤੇ ਨਿਗਰਾਨੀ ਲਈ ਹਰ ਵਿਧਾਨ ਸਭਾ ਪੱਧਰ ’ਤੇ ਤਾਇਨਾਤ ਫਲਾਇੰਗ ਸਕੁਐਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਸਰਵੇਲੈਂਸ ਟੀਮਾਂ, ਵੀਡੀਓ ਵਿਊਇੰਗ ਸਮੇਤ ਵੱਖ-ਵੱਖ ਨਿਗਰਾਨ ਟੀਮਾਂ ਨੂੰ ਹੋਰ ਐਕਟਿਵ ਕਰਦਿਆਂ ਚੌਕਸੀ ਨੂੰ ਹੋਰ ਵਧਾਇਆ ਜਾਵੇ।
ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਉਲੰਘਣਾ ਸਬੰਧੀ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ’ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਨਾਮਜ਼ਦਗੀਆਂ ਉਪਰੰਤ ਬੈਲਟ ਪੇਪਰ ਦੀ ਛਪਾਈ ਅਤੇ ਈ.ਵੀ.ਐਮ. ਦੀ ਤਿਆਰੀ ਦਾ ਕੰਮ ਬੇਹੱਦ ਮਹੱਤਵਪੂਰਨ ਹੈ, ਜਿਸ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਨੇਪਰੇ ਚਾੜ੍ਹਿਆ ਜਾਣਾ ਚਾਹੀਦਾ ਹੈ। ਉਨ੍ਹਾਂ ਚੋਣ ਅਮਲੇ ਅਤੇ ਗਿਣਤੀ ਵਿੱਚ ਲੱਗੇ ਸਟਾਫ਼ ਦੀ ਵਿਆਪਕ ਟ੍ਰੇਨਿੰਗ ’ਤੇ ਵੀ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲਿੰਗ ਪਰਸੋਨਲ ਡਿਸਬਰਸਲ ਸੈਂਟਰਾਂ ਵਿਖੇ ਪੋਲਿੰਗ ਪਾਰਟੀਆਂ ਲਈ ਪੀਣ ਵਾਲੇ ਪਾਣੀ, ਰਿਫਰੈਸ਼ਮੈਂਟ, ਪਾਰਕਿੰਗ, ਸੁਰੱਖਿਆ, ਮੈਡੀਕਲ ਟੀਮਾਂ, ਲਾਈਟ ਸਮੇਤ ਹੋਰ ਲੋੜੀਂਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਪੋਲਿੰਗ ਪਾਰਟੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹੂਲਤ ਲਈ ਸਾਰੇ ਜ਼ਰੂਰੀ ਪ੍ਰਬੰਧ ਸਮੇਂ ਸਿਰ ਕਰਨ ਦੀਆਂ ਹਦਾਇਤਾਂ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਗਰਮੀ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਛਾਂ, ਠੰਡੇ ਪਾਣੀ, ਵੇਟਿੰਗ ਰੂਮ ਆਦਿ ਦੇ ਇੰਤਜ਼ਾਮ ਯਕੀਨੀ ਹੋਣੇ ਚਾਹੀਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਸਾਰੇ ਨੋਡਲ ਅਫ਼ਸਰ ਚੋਣ ਪ੍ਰਕਿਰਿਆ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਮੁਕੰਮਲ ਕਰਨ ਵਿੱਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਚੋਣਾਂ ਦੇ ਕੰਮ ਵਿੱਚ ਕਿਸੇ ਕਿਸਮ ਦੀ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਪਰੰਤ ਐਸ.ਐਸ.ਪੀ. ਜਲੰਧਰ ਦਿਹਾਤੀ ਅੰਕੁਰ ਗੁਪਤਾ ਨੇ ਲੋਕ ਸਭਾ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਨ੍ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਬਿਹਤਰ ਤਾਲਮੇਲ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਦਿਹਾਤੀ ਖੇਤਰਾਂ ਵਿੱਚ ਸੁਰੱਖਿਆ ਦੇ ਇੰਤਜ਼ਾਮ ਯਕੀਨੀ ਬਣਾਏ ਗਏ ਹਨ ਅਤੇ ਨਾਕਿਆਂ ’ਤੇ ਪਹਿਲਾਂ ਹੀ ਚੌਕਸੀ ਵਧਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ/ਨਫ਼ਰਤੀ ਭਾਸ਼ਣਾਂ/ਭ੍ਰਿਸ਼ਟ ਕਾਰਵਾਈਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਦੌਰਾਨ ਐਮ.ਸੀ.ਐਮ.ਸੀ., ਮਾਈਕਰੋ ਆਬਜ਼ਰਵਰਾਂ ਦੀ ਡਿਊਟੀ, ਇਲੈਕਸ਼ਨ ਐਕਸਪੈਂਡੀਚਰ ਮੋਨੀਟਰਿੰਗ, ਐਮ.ਸੀ.ਸੀ/ਡੇਲੀ ਰਿਪੋਰਟਿੰਗ ਸੈੱਲ, ਵਲਨਰਬਿਲਟੀ ਮੈਪਿੰਗ, ਪੋਲਿੰਗ ਪਾਰਟੀ ਤੇ ਪੋਲ ਡੇ ਪ੍ਰਬੰਧਾਂ ਸਮੇਤ ਹੋਰ ਵਿਸ਼ਿਆਂ ’ਤੇ ਸਬੰਧਤ ਨੋਡਲ ਅਫ਼ਸਰਾਂ ਵੱਲੋਂ ਪ੍ਰਜ਼ੈਨਟੇਸ਼ਨ ਦੇਣ ਤੋਂ ਇਲਾਵਾ ਵਿਸ਼ਿਆਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।