ਬਠਿੰਡਾ (ਸੁਰੇਸ਼ ਰਹੇਜਾ) : ਸਿਵਲ ਜੱਜ (ਸ.ਡ.)/ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਸ੍ਰੀ ਅਸ਼ੋਕ ਕੁਮਾਰ ਚੌਹਾਨ ਵੱਲੋਂ ਸਰਕਾਰੀ ਮਿਡਲ ਸਕੂਲ, ਫੂਸ ਮੰਡੀ ਵਿਖੇ ਕਾਨੂੰਨੀ ਸਾਖਰਤਾ ਸੈਮੀਨਾਰ ਲਗਾਇਆ ਗਿਆ।
ਇਸ ਦੌਰਾਨ ਉਹਨਾਂ ਦੱਸਿਆ ਕਿ ਜ਼ਿਲਾ ਕਚਿਹਰੀ ਬਠਿੰਡਾ ਵਿਖੇ ਏ.ਡੀ.ਆਰ. ਸੈਂਟਰ (ਵਿਕਲਪੀ ਝਗੜਾ ਨਿਵਾਰਣ ਕੇਂਦਰ) ਬਣਿਆ ਹੋਇਆ ਹੈ। ਜਿਸਦੇ ਚੇਅਰਮੈਨ ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ ਹਨ। ਉਹਨਾਂ ਨੇ ਕਿਹਾ ਕੋਈ ਵੀ ਔਰਤ, ਅਨੁਸੂਚਿਤ ਜਾਤੀ, ਉਦਯੋਗਿਕ ਕਾਮੇ, ਬੱਚੇ, ਅਪਾਹਿਜ, ਹਵਾਲਾਤੀ/ਕੈਦੀ, ਮਾਨਸਿਕ ਰੋਗੀ ਅਤੇ ਜੋ ਜਨਰਲ ਕੈਟਗਰੀ ਨਾਲ ਸਬੰਧ ਰੱਖਦਾ ਹੋਵੇ ਉਸਦੀ ਸਲਾਨਾ ਆਮਦਨ 3,00,000/- ਤੋਂ ਘੱਟ ਹੈ, ਉਹ ਆਪਣੇ ਕੇਸ ਦੀ ਪੈਰਵੀ ਲਈ ਮੁਫ਼ਤ ਵਕੀਲ ਲੈ ਸਕਦਾ ਹੈ। ਇਸ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ, ਦਾ ਟੋਲ ਫ੍ਰੀ ਨੰਬਰ 1968 ਹੈ ਜਿਸ ’ਤੇ ਹਰ ਵਕਤ ਕਾਨੂੰਨੀ ਸਲਾਹ/ਮਸ਼ਵਰਾ ਲਿਆ ਜਾ ਸਕਦਾ ਹੈ।
ਉਹਨਾਂ ਨੇ ਅੱਗੇ ਦੱਸਿਆ ਕਿ 10 ਅਪ੍ਰੈਲ 2021 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਹਰ ਤਰਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ, ਕਿਉਂਕਿ ਇਸ ਦੇ ਫੈਸਲੇ ਦੀ ਕੋਈ ਵੀ ਅਪੀਲ ਨਹੀਂ ਹੁੰਦੀ। ਇਸ ਤਰਾਂ ਕਰਨ ਨਾਲ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ ਅਤੇ ਪੈਸੇ/ਸਮੇਂ ਦੀ ਵੀ ਬੱਚਤ ਹੁੰਦੀ ਹੈ।