ਪਸ਼ੂਆਂ ਲਈ 250 ਕੁਇੰਟਲ ਮੱਕੀ ਦਾ ਅਚਾਰ,300 ਮੱਛਰਦਾਨੀਆਂ,500 ਓਡੋਮੋਸ ਦੇਣ ਤੋਂ ਇਲਾਵਾ ਪਸ਼ੂਆਂ ਦਾ ਮੈਡੀਕਲ ਕੈਂਪ ਲਾਇਆ
ਇਲਾਕਾ ਨਿਵਾਸੀਆਂ ਨੇ ਕੀਤਾ ਡਾ.ਓਬਰਾਏ ਦਾ ਧੰਨਵਾਦ
ਪੱਟੀ/ਤਰਨਤਾਰਨ, 27 ਜੁਲਾਈ (ਰਾਕੇਸ਼ ਨਈਅਰ) : ਪੰਜਾਬ ਦਾ ਬਹੁਤ ਵੱਡਾ ਹਿੱਸਾ ਇਸ ਸਮੇਂ ਪਾਣੀ ਦੀ ਮਾਰ ਹੇਠ ਹੈ।ਹਰੀਕੇ ਹੈੱਡ ਤੋਂ ਭਾਰੀ ਮਾਤਰਾ ਵਿੱਚ ਹਥਾੜ੍ਹ ਖੇਤਰ ਵਿੱਚ ਪਾਣੀ ਛੱਡੇ ਜਾਣ ਕਾਰਨ ਦਰਜਨਾਂ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ।ਇਸ ਔਖੀ ਘੜੀ ਵੇਲੇ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਂਦਿਆਂ ਦੁਨੀਆਂ ਭਰ ‘ਚ ਰੱਬ ਦੇ ਫ਼ਰਿਸ਼ਤੇ ਵੱਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਆਪਣੇ ਸੇਵਾ ਕਾਰਜ ਨਿਰੰਤਰ ਜਾਰੀ ਰੱਖਦਿਆਂ ਹੁਣ 250 ਕੁਇੰਟਲ ਪਸ਼ੂਆਂ ਦਾ ਚਾਰਾ,300 ਮੱਛਰਦਾਨੀਆਂ ਅਤੇ 500 ਓਡੋਮੋਸ ਸਮੇਤ ਵੱਡੀ ਮਾਤਰਾ ਵਿੱਚ ਪਸ਼ੂਆਂ ਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹੇ ਦੀ ਸੰਨ੍ਹ ਵਿੱਚ ਆਉਂਦੇ ਪਿੰਡ ਕਾਲੇਕੇ ਹਥਾੜ,ਜੱਲੋਕੇ ਆਦਿ ਪਿੰਡ ਹੜ੍ਹਾਂ ਮਾਰ ਹੇਠ ਆਏ ਹੋਏ ਹਨ।ਝੋਨੇ ਦੀ ਫ਼ਸਲ ਤਬਾਹ ਹੋਣ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਟਰੱਸਟ ਦੀ ਤਰਨਤਾਰਨ ਟੀਮ ਵੱਲੋਂ ਕੀਤੇ ਸਰਵੇ ਅਤੇ ਇਲਾਕੇ ਤੋਂ ਪਸ਼ੂ ਖੁਰਾਕ ਦੀ ਆਈ ਮੰਗ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਆਪਣੀ ਉਕਤ ਟੀਮ ਰਾਹੀਂ 250 ਕੁਇੰਟਲ ਪਸ਼ੂਆਂ ਲਈ ਮੱਕੀ ਦਾ ਆਚਾਰ ਅਤੇ ਬਾਕੀ ਹੋਰ ਰਾਹਤ ਦਾ ਲੋੜੀਂਦਾ ਸਮਾਨ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਹੈ।ਇਸ ਮੌਕੇ ਜਾਣਕਾਰੀ ਦਿੰਦਿਆਂ ਟਰੱਸਟ ਦੀ ਤਰਨ ਤਾਰਨ ਇਕਾਈ ਦੇ ਖਜ਼ਾਨਚੀ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ ਨੇ ਦੱਸਿਆ ਕਿ ਡਾਕਟਰ ਓਬਰਾਏ ਦੀ ਸਰਪ੍ਰਸਤੀ ਹੇਠ ਵੀਰਵਾਰ ਨੂੰ ਟਰੱਸਟ ਵੱਲੋਂ ਉਪਰੋਕਤ ਸਮਾਨ ਵੰਡਣ ਤੋਂ ਇਲਾਵਾ ਪਸ਼ੂਆਂ ਲਈ ਇਕ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਇਆ ਗਿਆ,ਜਿਸ ਵਿੱਚ ਵੱਡੀ ਗਿਣਤੀ ਪਸ਼ੂਆਂ ਦੀਆਂ ਦਵਾਈਆਂ ਲੋੜਵੰਦਾਂ ਨੂੰ ਫ੍ਰੀ ਤਕਸੀਮ ਕੀਤੀਆਂ ਗਈਆਂ।ਉਨ੍ਹਾਂ ਇਹ ਵੀ ਦੱਸਿਆ ਕਿ ਡਾ.ਓਬਰਾਏ ਵਲੋਂ ਇਹ ਵਿਸ਼ਵਾਸ ਵੀ ਦਿਵਾਇਆ ਗਿਆ ਹੈ ਕਿ ਜਿਸ ਸਮਾਨ ਦੀ ਹੋਰ ਜ਼ਰੂਰਤ ਹੋਵੇਗੀ,ਉਹ ਵੀ ਉਨ੍ਹਾਂ ਦੁਆਰਾ ਭੇਜਿਆ ਜਾਵੇਗਾ।
ਇਸ ਦੌਰਾਨ ਪਿੰਡ ਕਾਲੇਕੇ ਹਥਾੜ ਦੇ ਸਰਪੰਚ ਮਨਦੀਪ ਸਿੰਘ ਨੇ ਡਾਕਟਰ ਓਬਰਾਏ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ 10 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਕਿ ਸਾਡੇ ਪਿੰਡ ਪਾਣੀ ਦੀ ਮਾਰ ਹੇਠ ਆਏ ਹੋਏ ਹਨ।ਸਾਡੀਆਂ ਸਾਰੀਆਂ ਫਸਲਾਂ ਮਰ ਗਈਆਂ ਹਨ,ਹਰਾ ਚਾਰਾ ਪਾਣੀ ਦੀ ਮਾਰ ਹੇਠ ਆਉਣ ਕਾਰਨ ਸਾਡੇ ਪਸ਼ੂਆਂ ਦਾ ਬਹੁਤ ਔਖਾ ਸੀ।ਜਿਸ ਨੂੰ ਵੇਖਦਿਆਂ ਡਾਕਟਰ ਓਬਰਾਏ ਵੱਲੋਂ ਸਾਨੂੰ ਪਸ਼ੂਆਂ ਲਈ ਮੱਕੀ ਦਾ ਆਚਾਰ,ਪਸ਼ੂਆਂ ਦੀਆਂ ਦਵਾਈਆਂ,ਮੱਛਰਦਾਨੀਆਂ,ਓਡੋਮੋਸ ਆਦਿ ਸਮਾਨ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਹਿਲੀ ਸੰਸਥਾ ਹੈ ਜਿਸ ਨੇ ਆ ਕੇ ਸਾਡੀ ਬਾਂਹ ਫੜੀ ਹੈ।ਅਸੀਂ ਸਮੂਹ ਇਲਾਕਾ ਨਿਵਾਸੀਆਂ ਵਲੋਂ ਡਾਕਟਰ ਓਬਰਾਏ ਦਾ ਧੰਨਵਾਦ ਕਰਦੇ ਹਾਂ।ਇਸ ਮੌਕੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ,ਵਾਈਸ ਪ੍ਰਧਾਨ ਵਿਸ਼ਾਲ ਸੂਦ,ਗੁਰਪ੍ਰੀਤ ਸਿੰਘ ਜੋਤੀਸਾਹ, ਪ੍ਰਿੰਸੀਪਲ ਜਗਮੋਹਨ ਸਿੰਘ ਭੱਲਾ,ਸਤਨਾਮ ਸਿੰਘ ਅਤੇ ਗੁਰਲਾਲ ਸਿੰਘ ਆਦਿ ਹਾਜ਼ਰ ਸਨ।