ਚੋਹਲਾ ਸਾਹਿਬ/ਤਰਨਤਾਰਨ, 9 ਅਗਸਤ (ਰਾਕੇਸ਼ ਨਈਅਰ) :- ਪੰਜਾਬ ਵਿਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ,ਜਿਸ ਨਾਲ ਕਿਸਾਨਾਂ,ਆਮ ਲੋਕਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ।ਕਿਸਾਨਾਂ ਦੀਆਂ ਫ਼ਸਲਾਂ ਜਿਥੇ ਪਾਣੀ ਵਿਚ ਡੁੱਬ ਕੇ ਪੂਰੀ ਤਰ੍ਹਾਂ ਖ਼ਰਾਬ ਹੋ ਗਈਆਂ,ਉਥੇ ਲੋਕਾਂ ਦੇ ਘਰਾਂ ਦਾ ਸਮਾਨ ਵੀ ਪਾਣੀ ਦੀ ਭੇਟ ਚੜ ਗਿਆ।ਹੜ੍ਹਾਂ ਦੇ ਪਾਣੀ ਨਾਲ ਕਿਸਾਨਾਂ ਅਤੇ ਆਮ ਲੋਕਾਂ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਜੇ ਤੱਕ ਇਕ ਪੈਸਾ ਵੀ ਜਾਰੀ ਨਹੀਂ ਕੀਤਾ ਗਿਆ ਜੋ ਕਿ ਬਹੁਤ ਹੀ ਮੰਦਭਾਗਾ ਹੈ। ਪੰਜਾਬ ਸਰਕਾਰ ਨੂੰ ਬਿਨਾਂ ਗਿਰਦਾਵਰੀ ਕੀਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੁਆਵਜਾ ਜਾਰੀ ਕਰਨਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਖਡੂਰ ਸਾਹਿਬ ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਖੁਦ ਨੂੰ ਕਿਸਾਨਾਂ ਅਤੇ ਆਮ ਲੋਕਾਂ ਦੇ ਹਿਤੈਸ਼ੀ ਹੋਣ ਦਾ ਡਰਾਮਾ ਕਰਦੇ ਰਹਿੰਦੇ ਹਨ,ਵਲੋਂ ਸਿਰਫ਼ ਤਾਂ ਸਿਰਫ਼ ਹੜ੍ਹ ਪੀੜਤਾਂ ਦੀ ਮਦਦ ਲਈ ਭਰੋਸਾ ਹੀ ਦਿੱਤਾ ਜਾ ਰਿਹਾ ਹੈ,ਜਦਕਿ ਉਨ੍ਹਾਂ ਲਈ ਅਜੇ ਤੱਕ ਮੁਆਵਜੇ ਸੰਬੰਧੀ ਕੋਈ ਪੈਕਿਜ ਐਲਾਨ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਗਿਰਦਾਵਰੀ ਕਰਵਾ ਕੇ ਮੁਆਵਜਾ ਐਲਾਨ ਕੀਤਾ ਜਾਵੇਗਾ ਪ੍ਰੰਤੂ ਹੁਣ ਸਮਾਂ ਗਿਰਦਾਵਰੀਆਂ ਕਰਵਾਉਣ ਦਾ ਨਹੀਂ,ਬਲਕਿ ਸਿੱਧਾ ਮੁਆਵਜਾ ਹੜ੍ਹਾਂ ਤੋਂ ਪੀੜਤ ਲੋਕਾਂ ਨੂੰ ਦੇਣ ਦਾ ਹੈ,ਜਿਸ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ।ਸ.ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਰਵੇ ਲਈ ਪੰਜਾਬ ਵਿਚ ਟੀਮਾਂ ਭੇਜੀਆਂ ਗਈਆਂ ਹਨ ਪ੍ਰੰਤੂ ਇਹ ਟੀਮਾਂ ਵੀ ਕੁਝ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਗਈਆਂ ਹਨ ,ਜਦਕਿ ਤਰਨਤਾਰਨ ਜ਼ਿਲ੍ਹਾ ਜੋ ਕਿ ਸਭ ਤੋਂ ਜਿਆਦਾ ਹੜ੍ਹ ਪ੍ਰਭਾਵਿਤ ਰਿਹਾ ਹੈ,ਇਥੇ ਵੀ ਕੇਂਦਰੀ ਟੀਮ ਨੂੰ ਪਹੁੰਚ ਕੇ ਜਾਇਜਾ ਲੈਣਾ ਚਾਹੀਦਾ ਹੈ। ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿਚ ਪੈਂਦੇ ਗੋਇੰਦਵਾਲ ਸਾਹਿਬ ਤੋਂ ਲੈ ਕੇ ਪਿੰਡ ਕੰਬੋ ਢਾਏ ਵਾਲਾ ਤੱਕ ਤਕਰੀਬਨ ਇਕ ਦਰਜਨ ਪਿੰਡ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਪੈਂਦੇ ਹਨ।
ਜਿੰਨਾ ਵਿੱਚ ਪਿੰਡ ਧੂੰਦਾ,ਖੱਖ,ਭੈਲ ਢਾਏ ਵਾਲਾ,ਜੋਹਲ ਢਾਏ ਵਾਲਾ,ਮੁੰਡਾਪਿੰਡ, ਗੁਜ਼ਰਪੁਰਾ, ਘੜਕਾ, ਕਰਮੂਵਾਲਾ,ਧੁੰਨ ਢਾਏ ਵਾਲਾ,ਚੰਬਾ ਕਲਾਂ,ਕੰਬੋ ਢਾਏ ਵਾਲਾ ਆਦਿ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ ਅਤੇ ਵੱਡੀ ਪੱਧਰ ‘ਤੇ ਇਥੇ ਕਿਸਾਨਾਂ ਅਤੇ ਲੋਕਾਂ ਦਾ ਨੁਕਸਾਨ ਹੋਇਆ ਹੈ ਪ੍ਰੰਤੂ ਇਥੇ ਕੋਈ ਵੀ ਟੀਮ ਸਰਵੇ ਕਰਨ ਨਹੀਂ ਪਹੁੰਚੀ।ਜਿਸ ਕਾਰਨ ਹੜ੍ਹ ਪ੍ਰਭਾਵਿਤ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜ਼ਿਲ੍ਹਾ ਤਰਨਤਾਰਨ ਨਾਲ ਸੰਬੰਧਿਤ ਹੜ੍ਹ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜਾ ਜਾਰੀ ਕਰੇ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਮੁੜ ਲੀਹਾਂ ‘ਤੇ ਲਿਆ ਸਕਣ।