ਕਲੋਨਾਈਜ਼ਰ ਵਲੋਂ ਸਰਕਾਰ ਨੂੰ ਲਾਇਆ ਜਾ ਰਿਹਾ ਚੂਨਾ,ਲਾਈਸੈਂਸ ਰੱਦ ਹੋਣ ਦੇ ਬਾਵਜੂਦ ਪ੍ਰਸ਼ਾਸ਼ਨ ਨਹੀਂ ਕਰ ਰਿਹੈ ਕੋਈ ਕਾਰਵਾਈ
ਅੰਮ੍ਰਿਤਸਰ,28 ਮਾਰਚ (ਰਾਕੇਸ਼ ਨਈਅਰ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ੀ ਕਲੋਨੀ ਹੋਲੀ ਸਿਟੀ ਦੇ ਵਾਸੀ ਅੱਜ ਕਲੋਨਾਈਜ਼ਰ ਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਕਥਿਤ ਮਿਲੀਭੁਗਤ ਕਾਰਨ ਪੀਣ ਵਾਲੇ ਪਾਣੀ ਦੇ ਨਾਲ-ਨਾਲ ਅਨੇਕਾਂ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਵਾਰ-ਵਾਰ ਪ੍ਰਸ਼ਾਸ਼ਨ ਨੂੰ ਅਰਜ਼ੀਆਂ ਦੇਣ ਦੇ ਬਾਵਜੂਦ ਪ੍ਰਸ਼ਾਸ਼ਨ ਇਸ ਆਪ ਹੁਦਰੇ ਕਲੋਨਾਈਜ਼ਰ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ।ਰੋਹ ਵਿੱਚ ਆਏ ਲੋਕਾਂ ਵਲੋਂ ਹੁਣ ਡਿਪਟੀ ਕਮਿਸ਼ਨਰ ਤੇ ਕਾਰਪੋਰੇਸ਼ਨ ਕਮਿਸ਼ਨਰ ਦਾ ਦਫਤਰ ਘੇਰਨ ਦਾ ਫੈਸਲਾ ਕੀਤਾ ਹੈ।ਬਿਜਲੀ ਵਿਭਾਗ ਦੁਆਰਾ ਲੋਕਾਂ ਨੂੰ ਦਿੱਤੇ ਆਰਜ਼ੀ ਬਿਜਲੀ ਕੁਨੈਕਸ਼ਨ ਪੱਕੇ ਕਰਨ ਦੀ ਬਜਾਏ ਕੁਨੈਕਸ਼ਨ ਕੱਟਣ ਦੇ ਜਾਰੀ ਕੀਤੇ ਨੋਟਿਸਾਂ ਅਤੇ ਪੁੱਡਾ ਅਪਰੂਵ ਹੋਣ ਦੇ ਬਾਵਜੂਦ ਕੋਈ ਸਹੂਲਤ ਨਾ ਮਿਲਣ ‘ਤੇ ਕਲੋਨਾਈਜ਼ਰ ਦੀਆਂ ਆਪ ਹੁਦਰੀਆਂ ਵਿਰੁੱਧ ਲੋਕ ਸੜਕਾਂ ‘ਤੇ ਉਤਰਨ ਨੂੰ ਮਜ਼ਬੂਰ ਹੋ ਗਏ ਹਨ।ਕਾਲੋਨੀ ਵਾਸੀਆਂ ਵਲੋਂ ਮੀਟਿੰਗ ਕਰਕੇ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਦਾ ਪਿੱਟ ਸਿਆਪਾ ਕੀਤਾ ਗਿਆ।ਪਿਛਲੇ ਕਈ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਇਸ ਕਲੋਨੀ ਦੇ ਵਾਸੀਆਂ ਨੇ ਦੋਸ਼ ਲਾਇਆ ਕਿ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਦੀ ਕਥਿਤ ਮਿਲੀਭੁਗਤ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ।ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਡਿਪਟੀ ਕਮਿਸ਼ਨਰ,ਕਾਰਪੋਰੇਸ਼ਨ ਕਮਿਸ਼ਨਰ ਤੇ ਚੀਫ ਇੰਜੀਨੀਅਰ ਬਿਜਲੀ ਬੋਰਡ ਦੇ ਦਫਤਰ ਦਾ ਘਿਰਾਓ ਕਰਨਗੇ।ਲੋਕਾਂ ਵਲੋਂ ਕਲੋਨਾਈਜ਼ਰ ਦੇ ਲਾਇਸੈਂਸ ਰੱਦ ਕਰਨ ਅਤੇ ਉਸ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਲੋਕਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਸੀ।
ਲੋਨਾਈਜ਼ਰ ਅਤੇ ਜ਼ਿਲ੍ਹਾ ਪ੍ਰਸਾਸਨ ਦੇ ਖਿਲਾਫ ਰੋਸ ਪ੍ਰਗਟਾਵਾ ਕਰਦੇ ਹੋਏ ਹੋਲੀ ਸਿਟੀ ਕਲੋਨੀ ਅੰਮ੍ਰਿਤਸਰ ਦੇ ਵਾਸੀ।
ਲੋਕ “ਕਲੋਨਾਈਜ਼ਰ ਮੁਰਦਾਬਾਦ” ਅਤੇ “ਪ੍ਰਸ਼ਾਸ਼ਨ ਮੁਰਦਾਬਾਦ” ਦੇ ਨਾਅਰੇ ਲਾ ਰਹੇ ਸਨ।ਉਹਨਾਂ ਕਿਹਾ ਕਿ ਕਲੋਨਾਈਜ਼ਰ ਸਿਆਸੀ ਦਬਾਉ ਪਾ ਕੇ ਅਧਿਕਾਰੀਆਂ ਨੂੰ ਹੁਣ ਤੱਕ ਡਰਾਉੰਦਾ ਆ ਰਿਹਾ ਹੈ ਪਰ ਹੁਣ ‘ਆਪ’ ਦੀ ਸਰਕਾਰ ਬਣਨ ਤੇ ਉਹਨਾਂ ਨੂੰ ਆਸ ਦੀ ਕਿਰਨ ਨਜ਼ਰ ਆ ਰਹੀ ਹੈ।ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਅਜਿਹੇ ਕਲੋਨਾਈਜ਼ਰਾਂ ਵਿਰੁੱਧ ਸਖਤ ਐਕਸ਼ਨ ਲਿਆ ਜਾਵੇ ਜੋ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ।ਇਸਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ। ਇਸ ਮੌਕੇ ‘ਤੇ ਬੋਲਦਿਆਂ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਚੀਫ ਪੈਟਰਨ ਰਿਟਾਇਰਡ ਜੁਆਇੰਟ ਡਿਪਟੀ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਐਚ.ਐਸ.ਘੁੰਮਣ,ਸਾਬਕਾ ਵਾਈਸ ਚਾਂਸਲਰ ਡਾ.ਐਮ.ਪੀ.ਐਸ.ਈਸ਼ਰ,ਮੈਂਬਰ ਪਰਜੀਡੀਅਮ ਰਾਜਨ ਮਾਨ,ਗੁਰਦੇਵ ਸਿੰਘ ਮਾਹਲ,ਸਿਕੰਦਰ ਸਿੰਘ ਗਿੱਲ, ਡਾ.ਗਗਨਦੀਪ ਸਿੰਘ ਢਿੱਲੋਂ,ਰਣਜੀਤ ਸਿੰਘ ਰਾਣਾ,ਡਾ.ਦਲਬੀਰ ਸਿੰਘ ਸੋਗੀ,ਡਾ.ਨਰਿੰਦਰਪਾਲ ਸਿੰਘ ਸੈਣੀ ਨੇ ਕਿਹਾ ਕਿ ਕਲੋਨਾਈਜ਼ਰ ਵਲੋਂ ਪਿਛਲੇ 10 ਸਾਲਾਂ ਤੋਂ ਲੋਕਾਂ ਨੂੰ ਲਾਰੇ ਲਾ ਕੇ ਬੁੱਧੂ ਬਣਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕਲੋਨਾਈਜ਼ਰ ਵਲੋਂ ਜਾਣ- ਬੁੱਝ ਕੇ ਪੁੱਡਾ ਨੂੰ ਇਹ ਕਲੋਨੀ ਨਹੀਂ ਸੌਂਪੀ ਜਾ ਰਹੀ ਤੇ ਨਾ ਹੀ ਮਹਿਕਮਾ ਇਸ ਸਬੰਧੀ ਕੋਈ ਦਿਲਚਸਪੀ ਲੈ ਰਿਹਾ ਹੈ।ਉਹਨਾਂ ਕਿਹਾ ਕਿ ਇਸ ਕਲੋਨੀ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰ ਲੀਡਰ ਵੀ ਰਹਿ ਰਹੇ ਹਨ ਪਰ ਕੋਈ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦੇ ਰਿਹਾ। ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਕਲੋਨੀ ਵਿੱਚ ਆ ਕੇ ਵੱਸੇ ਲੋਕਾਂ ਨੂੰ ਬਿਜਲੀ ਵਿਭਾਗ ਵਲੋਂ ਆਰਜ਼ੀ ਕੁਨੈਕਸ਼ਨ ਦਿੱਤੇ ਗਏ ਸਨ ਅਤੇ ਹੁਣ ਉਹਨਾਂ ਨੂੰ ਪੱਕਿਆਂ ਕਰਨ ਦੀ ਬਜਾਏ ਉਹ ਕੁਨੈਕਸ਼ਨ ਕੱਟਣ ਦੇ ਨੋਟਿਸ ਜਾਰੀ ਕਰ ਦਿੱਤੇ ਹਨ ਜਿਸ ਕਰਕੇ ਲੋਕਾਂ ਵਿੱਚ ਸਹਿਮ ਤੇ ਰੋਸ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਹ ਸਾਰਾ ਕਸੂਰ ਕਥਿਤ ਮਹਿਕਮੇ ਤੇ ਕਲੋਨਾਈਜ਼ਰ ਦਾ ਹੈ ਤੇ ਭੁਗਤਣਾ ਆਮ ਲੋਕਾਂ ਨੂੰ ਪੈ ਰਿਹਾ ਹੈ।ਉਹਨਾਂ ਦੋਸ਼ ਲਾਇਆ ਕਿ ਮਹਿਕਮੇ ਤੇ ਕਲੋਨਾਈਜ਼ਰ ਦੀ ਕਥਿਤ ਮਿਲੀ-ਭੁਗਤ ਹੈ ਅਤੇ ਹੁਣ ਵੀ ਨਵੇਂ ਮਕਾਨ ਬਣਾਉਣ ਵਾਲੇ ਲੋਕਾਂ ਨੂੰ ਮਹਿੰਗੇ ਰੇਟਾਂ ‘ਤੇ ਕਲੋਨਾਈਜ਼ਰ ਵਲੋਂ ਆਪਣੇ ਪੱਧਰ ‘ਤੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।ਉਨ੍ਹਾਂ ਮੰਗ ਕੀਤੀ ਹੈ ਕਿ ਬਿਜਲੀ ਮਹਿਕਮਾ ਕਲੋਨਾਈਜ਼ਰ ਵਿਰੁੱਧ ਸਖਤ ਕਾਰਵਾਈ ਕਰਕੇ ਲੋਕਾਂ ਨੂੰ ਨਾਜਾਤ ਦਿਵਾਏ।ਉਹਨਾਂ ਕਿਹਾ ਕਿ ਇਸ ਵਿੱਚ ਵੱਡਾ ਘਪਲਾ ਚੱਲ ਰਿਹਾ ਹੈ,ਸਰਕਾਰ ਜਲਦੀ ਤੋਂ ਜਲਦੀ ਇਸਦੀ ਤੁਰੰਤ ਜਾਂਚ ਕਰਵਾਏ। ਉਹਨਾਂ ਕਿਹਾ ਕਿ ਕਾਲੋਨੀ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਜਦਕਿ ਪਿੰਡਾਂ ਵਿੱਚ ਸਰਕਾਰ ਵਲੋਂ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।ਕਲੋਨੀ ਵਿਚ ਇੰਟਰਨੈੱਟ ਦੀ ਕੋਈ ਸਹੂਲਤ ਨਹੀਂ ਤੇ ਕਲੋਨਾਈਜ਼ਰ ਕੰਪਨੀਆਂ ਨੂੰ ਤਾਰਾਂ ਪਾਉਣ ਤੋਂ ਜਾਣ-ਬੁੱਝ ਕੇ ਰੋਕ ਰਿਹਾ ਹੈ। ਮਾਰਕੀਟ ਦੀ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ।ਅਵਾਰਾ ਕੁੱਤਿਆਂ ਤੋਂ ਲੋਕ ਬਹੁਤ ਜਿਆਦਾ ਪਰੇਸ਼ਾਨ ਹਨ।ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਜੇਕਰ ਤੁਰੰਤ ਇਸ ਸਬੰਧੀ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਵਲੋਂ ਸਖਤ ਕਦਮ ਚੁੱਕੇ ਜਾਣਗੇ। ਇਸ ਮੌਕੇ ‘ਤੇ ਸ਼੍ਰੀ ਦਿਲਬਾਗ ਸਿੰਘ ਸੋਹਲ,ਸੁਰਿੰਦਰਪਾਲ ਸਿੰਘ ਮਾਹਲ,ਲਾਲੀ ਸਹਿਬਾਜ਼ਪੁਰੀ,ਡਾ. ਬਿਕਰਮਜੀਤ ਸਿੰਘ ਬਾਜਵਾ, ਡਾ.ਹਰਮੋਹਿੰਦਰ ਸਿੰਘ ਜੱਸਲ,ਕਰਨ ਸਿੰਘ,ਸਕੱਤਰ ਸਿੰਘ,ਪਲਵਿੰਦਰ ਸਿੰਘ,ਮਨਜੀਤ ਸਿੰਘ ਭੁੱਲਰ,ਸਤਨਾਮ ਸਿੰਘ ਭੁੱਲਰ,ਕੇਵਲ ਸਿੰਘ ਗਿੱਲ,ਦਰਸ਼ਨ ਸਿੰਘ ਬਾਠ,ਅਮੋਲਕ ਸਿੰਘ ਮਾਨ,ਜਗਦੀਸ਼ ਭਗਤ, ਅਮਨਦੀਪ ਸਿੰਘ ਸੇਠੀ ਰਕੇਸ਼ ਬਜਾਜ,ਡਾ. ਨਵਦੀਪ ਸਿੰਘ ਸੇਖੋਂ ਸਮੇਤ ਹੋਰ ਹੋਲੀ ਸਿਟੀ ਨਿਵਾਸੀ ਹਾਜ਼ਰ ਸਨ।