ਬਠਿੰਡਾ (ਸੁਰੇਸ਼ ਰਹੇਜਾ) : ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਸਬ ਡਵੀਜ਼ਨ ਅੰਬ ਦੇ ਮਾਇਰੀ ਵਿਖੇ 21 ਮਾਰਚ 2021 ਤੋਂ ਹੋਲੀ ਮੇਲਾ ਮਨਾਇਆ ਜਾਂਦਾ ਹੈ ਕਿ ਜੋ ਕਿ 31 ਮਾਰਚ 2021 ਤੱਕ ਜਾਰੀ ਰਹੇਗਾ। ਉਨਾਂ ਕਰੋਨਾ ਦੇ ਪ੍ਰਸਾਰ ਨੂੰ ਵੇਖਦਿਆਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ 72 ਘੰਟੇ ਪਹਿਲਾਂ ਕਰਵਾਏ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਮੇਲੇ ਵਿਚ ਨਾਲ ਲੈ ਕੇ ਜਾਣੀ ਯਕੀਨੀ ਬਣਾਈ ਜਾਵੇ।
ਉਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਰਾਜ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਡੇਰਾ ਬਾਬਾ ਬਡਭਾਗ ਸਿੰਘ ਜੀ, ਗੁਰੂਦਵਾਰਾ ਮੰਜੀ ਸਾਹਿਬ ਅਤੇ ਮਾਈਰੀ ਦੇ ਹੋਰ ਅਸਥਾਨਾਂ ਤੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ। ਇਨਾਂ ਵਿੱਚੋਂ ਬਹੁਤ ਸਾਰੇ ਸ਼ਰਧਾਲੂ ਮੇਲੇ ਦੇ ਪੂਰੇ ਸਮੇਂ ਮਾਈਰੀ ਵਿਖੇ ਰਹਿੰਦੇ ਹਨ। ਲੋਕਾਂ ਦੇ ਇੰਨੇ ਵੱਡੇ ਇਕੱਠ ਦੇ ਕਾਰਨ ਸਥਾਨਕ ਆਬਾਦੀ ਵਿੱਚ ਕੋਵਿਡ 19 ਦੇ ਫੈਲਣ ਦਾ ਕਾਰਨ ਹੈ।
ਉਨਾਂ ਕਿਹਾ ਕਿ ਕੋਵਿਡ 19 ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜਰ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲਾ ਦੇ ਜ਼ਿਲਾ ਪ੍ਰਸ਼ਸਨ ਨੇ ਫੈਸਲਾ ਲਿਆ ਹੈ ਕਿ ਉਪਰੋਕਤ ਪਵਿੱਤਰ ਧਾਰਮਿਕ ਸਥਾਨਾਂ ‘ਤੇੇ ਯਾਤਰੀ ਸਰਕਾਰੀ ਪ੍ਰਮਾਣਿਤ ਲੈਬਾਂ ਤੋਂ 72 ਘੰਟਿਆਂ ਦੀ ਮਿਆਦ ਦੌਰਾਨ ਜਾਰੀ ਕੀਤੀ ਗਈ ਕੋਵਿਡ 19 ਦੀ ਨੈਗੇਟਿਵ ਰਿਪੋਰਟ ਨਾਲ ਲੈ ਕੇ ਆਉਣ। ਕੋਵਿਡ 19 ਨੈਗੇਟਿਵ ਰਿਪੋਰਟ ਨਾ ਲਿਆਉਣ ਵਾਲੇ ਸ਼ਰਧਾਲੂਆਂ ਨੂੰ ਹੋਲੀ ਮੇਲੇ 2021 ਲਈ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਇਹ ਪੁਖਤਾ ਇੰਤਜ਼ਾਮ ਸ਼ਰਧਾਲੂਆਂ ਦੀ ਸਹੂਲਤ ਲਈ ਹੀ ਕੀਤੇ ਗਏ ਹਨ ਸੋ ਹਦਾਇਤਾਂ ਦੀ ਪਾਲਣਾ ਜ਼ਰੂਰ ਯਕੀਨੀ ਬਣਾਈ ਜਾਵੇ।