ਬਠਿੰਡਾ, 28 ਅਪ੍ਰੈਲ (ਸੁਰੇਸ਼ ਰਹੇਜਾ) : ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ’ਚ ਵੱਖ-ਵੱਖ ਏਜੰਸੀਆਂ ਵੱਲੋਂ ਹੁਣ ਤੱਕ 6 ਲੱਖ 43 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਵੱਖ-ਵੱਖ ਖਰੀਦ ਕੇਂਦਰਾਂ ਚ ਹੁਣ ਤੱਕ ਕਰੀਬ 687706 ਮੀਟਿ੍ਰਕ ਟਨ ਕਣਕ ਦੀ ਆਮਦ ਅਤੇ 643727 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਇਸ ਤੋਂ ਇਲਾਵਾ 402356 ਮੀਟਿ੍ਰਕ ਟਨ ਕਣਕ ਦੀ ਲਿਫਟਿੰਗ ਵੀ ਹੋ ਗਈ ਹੈ। ਖ਼ਰੀਦੀ ਗਈ ਕਣਕ ਦੀ 85.19 ਫ਼ੀਸਦੀ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਸਾਂਝੀ ਕੀਤੀ।
ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਸ੍ਰੀ ਜਸਪ੍ਰੀਤ ਸਿੰਘ ਕਾਹਲੋਂ ਨੇ ਕਣਕ ਦੀ ਖ਼ਰੀਦ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਵਲੋਂ 195102 ਮੀਟਿ੍ਰਕ ਟਨ, ਮਾਰਕਫੈਡ 152835 ਮੀਟਿ੍ਰਕ ਟਨ, ਪਨਸਪ 164720 ਮੀਟਿ੍ਰਕ ਟਨ, ਵੇਅਰ ਹਾਊਸ 107825 ਮੀਟਿ੍ਰਕ ਟਨ ਅਤੇ ਐਫ.ਸੀ.ਆਈ. ਵਲੋਂ 23245 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਮੰਡੀ ਅਫਸਰ ਸ੍ਰੀ ਪ੍ਰੀਤਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਅਤੇ ਲੇਬਰ ਨਾਲ ਸਬੰਧਤ ਵਿਅਕਤੀਆਂ ਲਈ ਛਾਂ, ਰੋਸ਼ਨੀ, ਪੀਣ ਲਈ ਸਾਫ਼ ਪਾਣੀ ਤੋਂ ਇਲਾਵਾ ਹੱਥ ਧੋਣ, ਮਾਸਕ ਅਤੇ ਸਾਫ਼ ਸਫ਼ਾਈ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ ।