ਬਠਿੰਡਾ, 04 ਮਈ (ਸੁਰੇਸ਼ ਰਹੇਜਾ) : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਗਤ ਮੰਡੀ ਨਗਰ ਕੌਂਸਲ ਦੇਪ੍ਰਧਾਨ ਤੇ ਹੋਰਅਹੁਦੇਦਾਰਾਂ ਦੀ ਚੋਣ ਲਗਾਤਾਰ ਦੋ ਵਾਰ ਮੁਲਤਵੀ ਕਰਨ ’ਤੇ ਕਾਂਗਰਸ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਜਿੰਨੀ ਛੇਤੀ ਹੋ ਸਕੇ ਗਠਿਤ ਕੀਤੀ ਜਾਣੀ ਚਾਹੀਦੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀਦੀ ਗੱਲ ਹੈ ਕਿ ਸੰਗਤ ਮੰਡੀ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਕੱਲ੍ਹ ਬਿਨਾਂ ਕੋਈ ਕਾਰਨ ਦੱਸੇ ਦੂਜੀ ਵਾਰ ਮੁਲਤਵੀ ਕਰ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਮਿਉਂਸਪਲ ਚੋਣਾਂ ਤੋਂ ਢਾਈ ਮਹੀਨੇ ਬਾਅਦ ਤੱਕ ਸੰਗਤ ਮੰਡੀ ਇਕੱਲੀ ਕੌਂਸਲ ਹੈ ਜਿਥੇ ਇਹ ਚੋਣ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਇਥੇ ਅਕਾਲੀ ਦਲ ਦਾ ਬਹੁਮਤ ਹੈ ਤੇ 9 ਵਿਚੋਂ 7 ਸੀਟਾਂ ਪਾਰਟੀ ਨੇ ਜਿੱਤੀਆਂ ਹਨ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਉਹਨਾਂ ਨੁੰ ਬਹੁਤ ਸ਼ਿਕਾਇਤਾਂ ਮਿਲੀਆਂ ਹਨ ਕਿ ਕਾਂਗਰਸ ਦਾ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਵਾਰ ਵਾਰ ਸਥਾਨਕ ਪ੍ਰਸ਼ਾਸਨ ’ਤੇ ਦਬਾਅ ਪਾ ਰਿਹਾ ਹੈ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਕੌਂਸਲ ਦੀ ਚੋਣ ਮੁਲਤਵੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਹੋਰ ਵੀ ਨਿੰਦਣਯੋਗ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਦਬਾਅ ਅੱਗੇ ਝੁਕ ਗਿਆ ਹੈ ਤੇ ਉਹ ਲੋਕਾਂ ਦੀਆਂ ਆਸਾਂ ਨੁੰ ਕੁਚਲ ਰਿਹਾ ਹੈ ਤੇ ਸੰਗਤ ਕੌਂਸਲ ਦੇ ਚੁਣੇ ਹੋਏ ਮੈਂਬਰਾਂ ਦੇ ਸੰਵਿਧਾਨਕ ਹੱਕ ਖੋਹ ਰਿਹਾ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੰਗਤ ਮੰਡੀ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਵਾਸਤੇ ਬਹੁਤ ਧੱਕਾਸ਼ਾਹੀ ਕੀਤੀ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਸ਼ਹਿਰ ਵਿਚ ਲੋਕਾਂ ਦੇ ਜ਼ੋਰਦਾਰ ਵਿਰੋਧ ਕਾਰਨ ਪ੍ਰਸ਼ਾਸਨ ਪਿੱਛੇ ਹਟਣ ਲਈ ਮਜਬੂਰ ਹੋ ਗਿਆ। ਉਹਨਾਂ ਕਿਹਾ ਕਿ ਸਾਰੀ ਚੋਣ ਪ੍ਰਕਿਰਿਆ ’ਤੇ ਕਬਜ਼ਾ ਕਰਨ ਦਾ ਵੀ ਯਤਨ ਕੀਤਾ ਗਿਆ ਸੀ ਪਰ ਅਕਾਲੀ ਦਲ ਦੇ ਵਰਕਰ ਡੱਟ ਕੇ ਖੜ੍ਹੀ ਰਹੇ ਤੇ ਕੌਂਸਲ ਵਿਚ ਭਾਰੀ ਬਹੁਮਤ ਜਿੱਤ ਲਿਆ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਸੱਤ ਚੁਣੇ ਹੋਏ ਮੈਂਬਰ ਡਟੇ ਹੋਏ ਹਨਅਤੇ ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਸਥਾਨਕ ਪ੍ਰਸ਼ਾਸਨ ਨੂੰ ਆਨੇ ਬਹਾਨੇ ਚੋਣ ਮੁਲਤਵੀ ਕਰਨ ਲਈ ਦਬਾਅ ਪਾ ਰਹੀ ਹੈ। ਉਹਨਾਂ ਕਿਹਾ ਕਿ ਲੋਕ ਇਹਨਾਂ ਲੋਕ ਵਿਰੋਧੀ ਕਦਮਾਂ ਦਾ ਜ਼ੋਰਦਾਰ ਵਿਰੋਧ ਕਰਨਗੇ ਅਤੇ ਕਾਂਗਰਸ ਸਰਕਾਰਨੁੰ ;ਕੌਂਸਲ ਦੇ ਅਹੁਦੇਦਾਰਾਂ ਦੀਆਂ ਚੋਣਾਂ ਛੇਤੀ ਕਰਵਾਉਣ ਵਾਸਤੇ ਮਜਬੂਰ ਕਰ ਦੇਣਗੇ।