ਮਾਨਸਾ (ਸੁਰੇਸ਼ ਰਹੇਜਾ) : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਮ ਪੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਸਾਲ ਪਹਿਲਾਂ ਸਰਕਾਰ ਬਣਾਉਣ ਲਈ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕਣ ਦਾ ਸਬਕ ਸਿਖਾਇਆ ਜਾਵੇ । ਕੈਪਟਨ ਅਮਰਿੰਦਰ ਸਿੰਘ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸ੍ਰੀਮਤੀ ਬਾਦਲ ਨੇ ਉਹਨਾਂ ਦੀ ਪ੍ਰਸ਼ਾਂਤ ਕਿਸ਼ੋਰ ਨੁੰ ਇਕ ਵਾਰ ਫਿਰ ਤੋਂ ਆਪਣਾ ਪ੍ਰਮੁੱਖ ਸਲਾਕਹਾਰ ਨਿਯੁਕਤ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਿਸ਼ੋਰ ਉਹੀ ਵਿਅਕਤੀ ਹੈ ਜਿਸਨੇ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੂੰ ਚਾਰ ਸਾਲ ਪਹਿਲਾਂ ਇਹ ਸਿਖਲਾਈ ਦਿੱਤੀ ਸੀ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਕਿਵੇਂ ਵੋਟਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।
ਇਥੇ ਪਾਰਟੀ ਦੇ ਆਗੂ ਡਾ. ਨਿਸ਼ਾਨ ਸਿੰਘ ਦੇ ਨਵੇਂ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਮੰਤਰੀਆਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਤੇ ਸਿਰਫ ਆਪਣੀਆਂ ਜੇਬਾਂ ਭਰਨ ਲਈ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਕ ਵਾਰ ਫਿਰ ਤੋਂ ਕਿਸ਼ੋਰ ਨੂੰ ਸੱਦ ਲਿਆ ਹੈ, ਉਹ ਵੀ ਸਰਕਾਰੀ ਖ਼ਰਚੇ ’ਤੇ ਸੱਦ ਲਿਆ ਹੈ ਤਾਂ ਜੋ ਉਹ ਉਹਨਾਂ ਅਤੇ ਕਾਂਗਰਸ ਪਾਰਟੀਆਂ ਦੀ ਪੰਜਾਬੀਆਂ ਨਾਲ ਧੋਖਾ ਕਰਨ ਵਾਸਤੇ ਝੂਠ ਬੋਲਣ ਵਿਚ ਮਦਦ ਕਰੇ ਤਾਂਜੋ ਵੋਟਾਂ ਹਾਸਲ ਕੀਤੀਆਂ ਜਾ ਸਕਣ। ਉਹਨਾਂ ਕਿਹਾ ਕਿ ਉਹ ਭਾਵੇਂ ਜੋ ਮਰਜ਼ੀ ਕਰ ਲੈਣ ਲੋਕ ਹੁਣ ਇਸ ਸਰਕਾਰ ਦੇ ਭ੍ਰਿਸ਼ਟਾਚਾਰ ਤੇ ਜਨਤਕ ਭਲਾਈ ਫੰਡਾਂ ਦੀ ਅੰਨੀ ਲੁੱਟ ਪ੍ਰਤੀ ਚੌਕਸ ਹੋ ਚੁੱਕੇ ਹਨ।ਉਹਨਾਂ ਹੋਰ ਕਿਹਾ ਕਿ ਉਹ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਜਦੋਂ ਵੀ ਕਾਂਗਰਸੀ ਆਗੂ ਉਹਨਾਂ ਕੋਲ ਵੋਟਾਂ ਮੰਗਣ ਆਉਣ ਤਾਂ ਲੋਕ ਉਹਨਾਂ ਤੋਂ ਪਹਿਲਾਂ ਉਹ ਨੌਕਰੀਆਂ ਮੰਗਣ ਜਿਸਦਾ ਵਾਅਦਾ ਕਾਂਗਰਸ ਨੇ ਕੀਤਾ ਸੀ ਤੇ ਕਿਸਾਨ ਕੀਤੇ ਵਾਅਦੇ ਅਨੁਸਾਰ ਪੂਰਨ ਕਰਜ਼ਾ ਮੁਆਫੀ ਦੀ ਮੰਗ ਕਰਨ।
ਸ੍ਰੀਮਤੀ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਉਹਨਾਂ ਦੇ ਹਲਕੇ ਦੀਆਂ ਬਜ਼ੁਰਗ ਮਾਤਾਵਾਂ ਨੇ ਐਲਾਨਕ ੀਤਾ ਹੈ ਕਿ ਉਹ ਕਾਂਗਰਸ ਦੇ ਪ੍ਰਚਾਰਕਾਂ ਨੁੰ ਆਪਣੇ ਪਿੰਡਾਂ ਵਿਚ ਨਹੀਂ ਵੜਨ ਦੇਣਗੀਆਂ ਕਿਉਂਕਿ ਕਾਂਗਰਸ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਬੁਢਾਪਾ ਪੈਨਸ਼ਨ 2500 ਰੁਪਏ ਮਹੀਨਾ ਰਲ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ।
ਬਠਿੰਡਾ ਦੇ ਸੰਸਦ ਮੈਂਬਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪ੍ਰਚਾਰੀਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਸਕੀਮਾਂ ਕਦੇ ਵੀ ਲਾਗੂ ਨਹੀਂ ਹੋ ਸਕਦੀਆਂ। ਉਹਨਾਂ ਕਿਹਾ ਕਿ ਇਸਦਾ ਪ੍ਰਤੱਖ ਉਦਾਹਰਣ ਉਜਵਲਾ ਸਕੀਮ ਹੈ ਜਿਸ ਤਹਿਤ ਗਰੀਬੀ ਰੇਖਾ ਤੋਂ ਹੇਠਲਿਆਂ ਨੁੰ ਐਲ ਪੀ ਜੀ ਕੁਨੈਕਸ਼ਨ ਵੰਡੇ ਗਏ ਤੇ ਇਸ ਦੀ ਚੰਗੀ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ ਪਰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਸਿਰਫ ਤਿੰਨ ਮਹੀਨਿਆਂ ਅੰਦਰ 225 ਰੁਪਏ ਪ੍ਰਤੀ ਸਿਲੰਡਰ ਦਾ ਉਛਾਲ ਦਰਜ ਕੀਤਾ ਗਿਆ।
ਉਹਨਾਂ ਕਿਹਾ ਕਿ ਭਾਵੇਂ ਕੌਮਾਂਤਰੀ ਬਜ਼ਾਰ ਵਿਚ ਕੱਚਾ ਤੇਲ ਸਸਤਾ ਹੋ ਰਿਹਾ ਹੈ ਪਰ ਰਾਜ ਤੇ ਕੇਂਦਰ ਸਰਕਾਰਾਂ ਨੇ ਪੈਟਰੋਲ ਤੇ ਡੀਜ਼ਲ ’ਤੇ ਭਾਰੀ ਟੈਕਸ ਲਗਾ ਦਿੱਤੇ ਹਨ ਤਾਂ ਜੋ ਆਪਣਾ ਪੈਸਾ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਦੋਵੇਂ ਸਰਕਾਰਾਂ ਨੂੰ ਖ਼ਪਤਕਾਰਾਂ ਨੁੰ 5 ਤੋਂ 7 ਰੁਪਏ ਪ੍ਰਤੀ ਲੀਟਰ ਹਰੇਕ ਲਈ ਰਾਹਤ ਖਪਤਕਾਰਾਂ ਨੁੰ ਦੇਣੀ ਚਾਹੀਦੀ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਉਹਨਾਂ ਨੇ ਤਾਂ ਗਰੀਬ ਕਿਸਾਨ ਵੀ ਨਹੀਂ ਬਖਸ਼ੇ ਜਿਹਨਾਂ ਨੇ ਆਪਣੇ ਹੰਝੂ, ਖੂਨ ਤੇ ਪਸੀਨਾ ਤੇ ਸਾਡੇ ਮੇਜਾਂ ’ਤੇ ਰੋਟੀ ਪਹੁੰਚਾਉਣ ਲਈ ਵਹਾਇਆ। ਉਹਨਾਂ ਕਿਹਾ ਕਿ ਮੈਂ ਪੰਜਾਬੀ ਕਿਸਾਨਾਂ ਨੂੰ ਸਲਾਮ ਕਰਦੀ ਹਾਂ ਜਿਹਨਾਂ ਨੇ ਕੇਂਦਰ ਦੇ ਹੰਕਾਰੀ ਆਗੂਆਂ ਦੇ ਖਿਲਾਫ ਲੰਬੀ ਤੇ ਸ਼ਾਂਤਮਈ ਲੜਾਈ ਵਿੱਢੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਸਰਕਾਰ ਨੂੰ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਵਾਜਬ ਮੰਗਾਂ ਮੰਨਣੀਆਂ ਪੈਣਗੀਆਂ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਹਰ ਕੌਮੀ ਪੱਧਰ ਦੇ ਸਰਵੇਖਣ ਵਿਚ ਪਛੜਨ ਲਈ ਨਿਖੇਧੀ ਕਰਦਿਆਂ ਸ੍ਰੀਮਤੀ ਬਾਦਲ ਨੇ ਪਾਰਟਂ ਦਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਕਿਹਾ ਕਿ ਇਕ ਵਾਰ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਫਿਰ ਅਸੀਂ ਪੰਜਾਬ ਨੂੰ ਪਹਿਲਾਂ ਵਾਲਾ ਮਾਣ ਸਨਮਾਨ ਦੁਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਤਾਂ ਜੋ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵਾਂਗ ਹੀ ਹਰ ਖੇਤਰ ਵਿਚ ਪਹਿਲੇ ਨੰਬਰ ’ਤੇ ਮੁੜ ਆ ਜਾਵੇ।