
ਜੰਡਿਆਲਾ ਗੁਰੂ, 03 ਫਰਵਰੀ (ਕੰਵਲਜੀਤ ਸਿੰਘ) : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਭਾਜਪਾ ਆਗੂਆਂ ਤੇ ਸਰਗਰਮ ਵਰਕਰਾਂ ਦਾ ਇਕ ਵਫਦ ਸਾਬਕਾ ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਦੇ ਕੌਮੀ ਪ੍ਰਧਾਨ ਲਾਲ ਸਿੰਘ ਆਰੀਆ ਦੀ ਅੰਮ੍ਰਿਤਸਰ ਫੇਰੀ ਦੌਰਾਨ ਉਨ੍ਹਾਂ ਨੂੰ ਮਿਲਿਆ । ਭਾਜਪਾ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਲਾਲ ਸਿੰਘ ਆਰੀਆ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ । ਉਨ੍ਹਾਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਕੀਮਾਂ ਲੋੜਵੰਦ ਅਤੇ ਗਰੀਬਾਂ ਨੂੰ ਦੇਣ ਦੀ ਬਜਾਏ ਪੰਜਾਬ ਸਰਕਾਰ ਆਪਣੇ ਚਹੇਤਿਆਂ ਨੂੰ ਦੇ ਰਹੀ ਹੈ ।
ਮੁਲਾਕਾਤ ਦੌਰਾਨ ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਭੇਜੀ ਜਾ ਰਹੀ ਮੁਫਤ ਕਣਕ ਅਤੇ ਨਰੇਗਾ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਕੇਂਦਰ ਦੀਆਂ ਸਹੂਲਤਾਂ ਦੇਣ ਵਿੱਚ ਵੀ ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਬੇਨਿਯਮੀਆਂ ਕਰ ਰਹੀ ਹੈ । ਪ੍ਰਧਾਨ ਮੰਤਰੀ ਆਵਾਸ ਯੋਜਨਾ ਦਿਹਾਤੀ ਦਾ ਕੰਮ ਵੀ ਪਾਰਦਰਸ਼ੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ । ਨਰੇਗਾ ਵਿੱਚ ਪੰਚਾਇਤ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੰਮ ਸਿਰਫ ਸਰਕਾਰ ਦੇ ਚਹੇਤਿਆਂ ਨੂੰ ਹੀ ਮਿਲ ਰਿਹਾ ਹੈ। ਜਦ ਕਿ ਕਾਨੂੰਨ ਮੁਤਾਬਿਕ ਹਰ ਲੋੜਵੰਦ ਨੂੰ ਰੁਜ਼ਗਾਰ ਦੇਣਾ ਨਿਸ਼ਚਿਤ ਕੀਤਾ ਗਿਆ ਹੈ ।
ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਬੰਦ ਕਰਕੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮਿਲਣ ਵਾਲੀ ਕਣਕ ਵੀ ਪੂਰੀ ਨਹੀਂ ਦਿੱਤੀ ਜਾ ਰਹੀ ਹੈ ਜਿਸ ਕਾਰਨ ਗਰੀਬ ਵਰਗ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ । ਉਨ੍ਹਾਂ ਆਖਿਆ ਕਿ ਆਯੂਸ਼ਮਾਨ ਬੀਮਾ ਯੋਜਨਾ ਦੇ ਲਾਭ ਪਾਤਰੀਆਂ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਕੇਂਦਰ ਸਰਕਾਰ ਦੀਆਂ ਗਰਾਂਟਾਂ ਦੇ ਸਹਾਰੇ ਚੱਲਣ ਵਾਲੀ ਪੰਜਾਬ ਸਰਕਾਰ ਦੀ ਕਾਣੀ ਵੰਡ ਕਾਰਨ ਹਰ ਵਰਗ ਬੇਚੈਨ ਹੈ । ਭਾਜਪਾ ਆਗੂ ਨੇ ਵਰਕਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਣਗੇ ਤਾਂ ਜੋ ਇਨ੍ਹਾਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ।
ਇਸ ਮੌਕੇ ‘ਤੇ ਹਰਦੀਪ ਸਿੰਘ ਗਿੱਲ ਤੋਂ ਇਲਾਵਾ ਦਵਿੰਦਰ ਸਿੰਘ ਖਾਲਸਾ , ਭਾਜਪਾ ਦੇ ਸੀਨੀਅਰ ਸੰਤੋਖ ਸਿੰਘ ਗੁਮਟਾਲਾ, ਸਰਕਲ ਪ੍ਰਧਾਨ ਤਰਸਿੱਕਾ ਮਨਜੀਤ ਸਿੰਘ ਸੰਧੂ , ਅਵਤਾਰ ਸਿੰਘ ਪੱਖੋਕੇ , ਨਰਿੰਦਰ ਸਿੰਘ ਮੁੱਛਲ , ਸੁਖਦੇਵ ਸਿੰਘ ਹਨੇਰੀਆ, ਕੇਵਲ ਸਿੰਘ ਖੱਬੇ ਰਾਜਪੂਤਾਂ , ਬਾਬਾ ਜੋਗਿੰਦਰ ਸਿੰਘ, ਸਰਵਣ ਸਿੰਘ ਪ੍ਰਧਾਨ ਦੇਵੀਦਾਸਪੁਰਾ , ਬਲਵੰਤ ਸਿੰਘ ਵਡਾਲੀ, ਸਰਬਜੀਤ ਸਿੰਘ ਵਡਾਲੀ, ਲਖਵਿੰਦਰ ਸਿੰਘ ਠੇਕੇਦਾਰ, ਸਤਬੀਰ ਸਿੰਘ ਫੌਜੀ, ਬਲਕਾਰ ਸਿੰਘ ਬੱਬੂ ਨਵਾਂ ਪਿੰਡ , ਹਰਜੋਤ ਸਿੰਘ ਮਹਿਤਾ, ਰਮਨ ਕੁਮਾਰ, ਦਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਭਾਜਪਾ ਵਰਕਰ ਹਾਜ਼ਰ ਸਨ।