ਨਸ਼ਿਆਂ ਤੇ ਜੁਰਮ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਲੋਕ ਪੁਲਿਸ ਨੂੰ ਸਹਿਯੋਗ ਦੇਣ-ਐਸ.ਐਸ.ਪੀ. ਭੁੱਲਰ
ਭੁੰਨਰਹੇੜੀ,ਪਟਿਆਲਾ 14 ਅਕਤੂਬਰ (ਕ੍ਰਿਸ਼ਨ ਗਿਰ) : ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਨਵੇਂ ਐਸ.ਐਸ.ਪੀ. ਵਜੋਂ ਤਾਇਨਾਤ ਕੀਤੇ ਗਏ 2007 ਬੈਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸ. ਹਰਚਰਨ ਸਿੰਘ ਭੁੱਲਰ ਨੇ ਅੱਜ ਇੱਥੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸ. ਭੁੱਲਰ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਸਮੇਤ ਨਸ਼ਿਆਂ ਅਤੇ ਜੁਰਮ ਦੀ ਰੋਕਥਾਮ ਲਈ ਪਟਿਆਲਾ ਜ਼ਿਲ੍ਹੇ ਦੇ ਲੋਕ ਪੁਲਿਸ ਨੂੰ ਸਹਿਯੋਗ ਕਰਨ। ਸ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਜਿਹੜੇ ਬੱਚੇ ਕਿਸੇ ਕਾਰਨ ਵੱਸ ਜਾਂ ਅਣਜਾਣਪੁਣੇ ‘ਚ ਨਸ਼ਿਆਂ ਦੀ ਗ੍ਰਿਫ਼ਤ ‘ਚ ਆ ਗਏ ਹਨ, ਉਨ੍ਹਾਂ ਨੂੰ ਬਚਾਉਣ ਲਈ ਨਸ਼ਾ ਮੁਕਤੀ ਕੈਂਪ ਲਗਾਏ ਜਾਣਗੇ ਅਤੇ ਨਸ਼ਾ ਤਸਕਰਾਂ ‘ਤੇ ਕਾਨੂੰਨੀ ਸਿਕੰਜਾ ਕਸਕੇ ਸਲਾਖਾਂ ਪਿੱਛੇ ਸੁਟਿਆ ਜਾਵੇਗਾ, ਪਰੰਤੂ ਇਸ ਲਈ ਲੋਕਾਂ ਦਾ ਸਹਿਯੋਗ ਬਹੁਤ ਲੋੜੀਂਦਾ ਹੈ।
ਐਸ.ਐਸ.ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਜੁਰਮ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਬਹੁਤ ਸ਼ਿੱਦਤ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਪਟਿਆਲਾ ਪੁਲਿਸ ਵੱਲੋਂ ਹੋਰ ਅੱਗੇ ਵਧਾਇਆ ਜਾਵੇਗਾ।
ਸ. ਭੁੱਲਰ ਨੇ ਅੱਗੇ ਕਿਹਾ ਕਿ ਪੁਲਿਸ ਆਮ ਲੋਕਾਂ ਦੀ ਦੋਸਤ ਹੈ ਅਤੇ ਪੁਲਿਸ ਵਾਲੇ ਵੀ ਇਸੇ ਸਮਾਜ ਦਾ ਹਿੱਸਾ ਹਨ, ਇਸ ਲਈ ਜ਼ਿਲ੍ਹੇ ‘ਚ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਆਉਣ ‘ਤੇ ਉਹ ਸਬੰਧਤ ਥਾਣਾ ਮੁਖੀ ਜਾਂ ਸਬੰਧਤ ਡੀ.ਐਸ.ਪੀ. ਨੂੰ ਮਿਲ ਸਕਦੇ ਹਨ ਅਤੇ ਪੁਲਿਸ ਹਮੇਸ਼ਾ ਹੀ ਉਨ੍ਹਾਂ ਦੀ ਸੇਵਾ ‘ਚ ਤਤਪਰ ਰਹੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਸ.ਐਸ.ਪੀ. ਦਫ਼ਤਰ ਦੇ ਦਰਵਾਜੇ ਵੀ ਆਮ ਲੋਕਾਂ ਲਈ ਖੁੱਲ੍ਹੇ ਹਨ ਅਤੇ ਆਪਣੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਉਨ੍ਹਾਂ ਕੋਲ ਵੀ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ, ਜ਼ੁਰਮ ਰਹਿਤ ਜ਼ਿਲ੍ਹਾ ਬਣਾਈ ਰੱਖਣ ਲਈ ਲੋਕਾਂ ਦੇ ਮਿਲਵਰਤਨ ਬਹੁਤ ਜਰੂਰੀ ਹੈ ਇਸ ਲਈ ਜੇਕਰ ਕਿਸੇ ਨਾਗਰਿਕ ਕੋਲ ਕਿਸੇ ਮਾੜੇ ਅਨਸਰ ਜਾਂ ਨਸ਼ਾ ਤਸਕਰ ਦੀ ਕੋਈ ਸੂਚਨਾ ਹੈ ਤਾਂ ਉਹ ਉਨ੍ਹਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ, ਜਿਸ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਮਾੜੇ ਅਨਸਰਾਂ ‘ਤੇ ਕਾਬੂ ਕੀਤਾ ਜਾਵੇਗਾ।
ਸ. ਹਰਚਰਨ ਸਿੰਘ ਭੁੱਲਰ, ਪਟਿਆਲਾ ਦੇ ਐਸ.ਐਸ.ਪੀ. ਲੱਗਣ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਪੰਜਾਬ ‘ਚ ਸੰਯੁਕਤ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ। ਜਦਕਿ ਉਹ ਬਤੌਰ ਐਸ.ਐਸ.ਪੀ. ਜਗਰਾਓਂ, ਬਰਨਾਲਾ, ਦੋ ਵਾਰ ਸੰਗਰੂਰ, ਫ਼ਤਿਹਗੜ੍ਹ ਸਾਹਿਬ, ਖੰਨਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਐਸ.ਏ.ਐਸ. ਨਗਰ ਵਿਖੇ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਐਸ.ਐਸ.ਪੀ. ਸ. ਭੁੱਲਰ ਵੱਲੋਂ ਅਹੁਦਾ ਸੰਭਾਲਣ ਮੌਕ ਐਸ.ਪੀ. ਐਚ. ਹਰਕਮਲ ਕੌਰ, ਐਸ.ਪੀ. ਪੀ.ਬੀ.ਆਈ., ਕੇਸਰ ਸਿੰਘ, ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਪਲਵਿੰਦਰ ਸਿੰਘ ਚੀਮਾ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਨਵੇਂ ਐਸ.ਐਸ.ਪੀ. ਦਾ ਸਵਾਗਤ ਕੀਤਾ। ਇਸ ਦੌਰਾਨ ਸ. ਭੁੱਲਰ ਨੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਜ਼ਿਲ੍ਹੇ ਦੀ ਪੁਲਿਸਿੰਗ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਪੁਲਿਸ ਦੀ ਟੁਕੜੀ ਨੇ ਐਸ.ਐਸ.ਪੀ. ਨੂੰ ਗਾਰਡ ਆਫ਼ ਆਨਰ ਦਿੱਤਾ।