ਜੰਡਿਆਲਾ ਗੁਰੂ, 10 ਦਸੰਬਰ (ਕੰਵਲਜੀਤ ਸਿੰਘ ਲਾਡੀ) : ਸੰਤ ਸਿਪਾਹੀ ਵਿਚਾਰ ਮੰਚ ਵੱਲੋਂ 22 ਦਿਸੰਬਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 357ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਮੋਤੀ ਬਾਗ ਸਾਹਿਬ ਦਿੱਲੀ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਮੰਚ ਦੇ ਆਲ ਇੰਡੀਆ ਕੋ-ਆਰਡੀਨੇਟਰ ਸ. ਹਰੀ ਸਿੰਘ ਮਥਾਰੂ ਨੇ ਆਪਣੀ ਪੰਜਾਬ ਫੇਰੀ ਦੌਰਾਨ ਜੰਡਿਆਲਾ ਗੁਰੂ ਵਿਖੇ ਪੱਤਰਕਾਰਾਂ ਨਾਲ ਸਾਂਝੀ ਕੀਤੀ, ਜੋ ਉਕਤ ਉਲੀਕੇ ਸਮਾਗਮ ਦੇ ਪ੍ਰਚਾਰ ਤਹਿਤ ਸਥਾਨਕ ਕਸਬੇ ਵਿਖੇ ਪਹੁੰਚੇ ਅਤੇ ਉਹਨਾਂ ਕਈ ਧਾਰਮਿਕ,ਸਿਆਸੀ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਮੰਚ ਵੱਲੋਂ ਸੱਦਾ ਪੱਤਰ ਵੀ ਦਿੱਤਾ। ਉਕਤ ਸਮਾਗਮ ਤਹਿਤ ਗੁਰਬਾਣੀ ਕੰਠ ਸਮਾਗਮ ਅਤੇ ਕਵੀ ਦਰਬਾਰ ਹੋਵੇਗਾ ਜਿਸ ਤਹਿਤ ਵੱਖ ਵੱਖ ਉਮਰਾਂ ਦੇ ਵਰਗ ਹੇਂਠ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ ਅਤੇ ਸ਼ੁਧ ਬਾਣੀ ਸੁਣਾਉਣ ਵਾਲੇ ਬੱਚਿਆਂ ਨੂੰ ਮਾਇਕ ਭੇਟਾ ਸਮੇਤ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਜਾਵੇਗਾ।
ਸ. ਮਥਾਰੂ ਨੇ ਦੱਸਿਆ ਉਕਤ ਸਮਾਗਮ ਵਿੱਚ ਹੋ ਰਹੇ ਕਵੀ ਦਰਬਾਰ ਵਿੱਚ ਬਜ਼ੁਰਗ ਪੰਥਕ ਕਵੀ ਸ. ਗੁਰਚਰਨ ਸਿੰਘ ਚਰਨ,ਗੁਰਿੰਦਰਜੀਤ ਸਿੰਘ ਤੇ ਕਾਕਾ ਗੁਰਬਚਨ ਸਿੰਘ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਇਤਿਹਾਸ ਸੁਣਾਉਗੇ। ਸ. ਮਥਾਰੂ ਨੇ ਕਿਹਾ ਕਿ ਸਾਨੂੰ ਕਲੰਡਰੀ ਤਰੀਕਾਂ ਮੁਤਾਬਕ ਹੀ ਸਿੱਖ ਗੁਰੂ ਸਾਹਿਬਾਨ ਦੇ ਪੁਰਬ ਮਨਾਉਣੇ ਚਾਹੀਦੇ ਹਨ ਤਾਂ ਜੋ ਹਰ ਸਾਲ ਵੱਖ ਵੱਖ ਤਰੀਕਾਂ ‘ਤੇ ਪੁਰਬ ਆਉਣ ਕਰਕੇ ਕੌਮ ਵਿੱਚ ਤੇ ਮੌਜੂਦਾ ਪੀੜ੍ਹੀ ਸਮੇਤ ਆਉਣ ਵਾਲੀ ਪੀੜ੍ਹੀ ਵਿੱਚ ਪੈਦਾ ਹੋ ਰਹੀ ਦੁਚਿੱਤੀ ਦੂਰ ਹੋ ਸਕੇ। ਇਸ ਮੌਕੇ ਹਰੀ ਸਿੰਘ ਮਥਾਰੂ ਦੇ ਨਾਲ ਦਲਬੀਰ ਸਿੰਘ ਬਿੱਟੂ, ਦਲਬੀਰ ਸਿੰਘ ਹੰਸਪਾਲ, ਗੁਰਚਰਨ ਸਿੰਘ ਆਦਿ ਉਚੇਚੇ ਤੌਰ ‘ਤੇ ਹਾਜ਼ਿਰ ਸਨ।