ਜੰਡਿਆਲਾ ਗੁਰੂ, 09 ਜੂਨ (ਕੰਵਲਜੀਤ ਸਿੰਘ ਲਾਡੀ) : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਆਗਿਆ ਲੈਣ ਮਗਰੋਂ ਸੰਤ ਸਿਪਾਹੀ ਵਿਚਾਰ ਮੰਚ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 305ਵੇਂ ਸ਼ਹੀਦੀ ਦਿਹਾੜੇ ਸਮਰਪਿਤ ਨੂੰ ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ, ਮਹਿਰੌਲੀ, ਨਵੀਂ ਦਿੱਲੀ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਉਕਤ ਜਾਣਕਾਰੀ ਮੰਚ ਦੇ ਕੋ-ਆਰਡੀਨੇਟਰ ਸ: ਹਰੀ ਸਿੰਘ ਮਥਾਰੂ ਨੇ ਸਥਾਨਕ ਕਸਬੇ ਦੇ ਵਸਨੀਕ ਸੰਤ ਸਿਪਾਹੀ ਵਿਚਾਰ ਮੰਚ ਦੇ ਮੀਡੀਆ ਸਕੱਤਰ ਅਤੇ ਪੱਤਰਕਾਰੀ ਖੇਤਰ ਨਾਲ ਸੰਬੰਧਤ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਦੇ ਗ੍ਰਹਿ ਵਿਖੇ ਫੋਨ ‘ਤੇ ਸਾਂਝੀ ਕੀਤੀ।
ਉਕਤ ਪ੍ਰੋਗਰਾਮ ਕੋਰੋਨਾ ਹਦਾਇਤਾਂ ਦੇ ਮੱਦੇਨਜ਼ਰ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਵਿਖੇ ਜਿਥੇ ਸੰਗਤੀ ਰੂਪ ਵਿੱਚ ਲੋਕ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਏ ਉਥੇ ਓਨਲਾਇਨ ਮਾਧਿਅਮ ਰਾਹੀਂ ਵੀ ਸੰਗਤਾਂ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਈਆਂ। ਮੰਚ ਦੇ ਕੋ-ਆਰਡੀਨੇਟਰ ਹਰੀ ਸਿੰਘ ਮਥਾਰੂ ਦੇ ਪ੍ਰਬੰਧ ਹੇਂਠ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਗਿਆ ਲੈਣ ਮਗਰੋਂ ਗੁਰਦੁਆਰਾ ਮਹਿਰੌਲੀ ਦੇ ਸਹਿਯੋਗ ਨਾਲ ਉਕਤ ਅਰਦਾਸ ਸਮਾਗਮ ਕਰਵਾਏ ਗਏ।
ਉਕਤ ਸਮਾਗਮ ਸਵੇਰੇ 10:30 ਤੋਂ ਦੁਪਹਿਰ 12:30 ਵਜੇ ਤੱਕ ਚੱਲੇ ਜਿਸ ਤਹਿਤ ਸਵੇਰੇ 10:30 ਵਜੇ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ ਭਾਈ ਮਾਨ ਸਿੰਘ ਜੀ ਗੁਰੂਗ੍ਰਾਮ ਵਾਲਿਆਂ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਵਿਸ਼ੇਸ਼ ਕਵੀ ਦਰਬਾਰ ਹੋਇਆ ਜਿਸ ਵਿੱਚ ਪੰਥਕ ਕਵੀ ਗੁਰਚਰਨ ਸਿੰਘ ਚਰਨ, ਬੀਬੀ ਸਤਨਾਮ ਕੌਰ ਸੱਤੇ ਅਤੇ ਹਰੀ ਸਿੰਘ ਮਥਾਰੂ ਜੀ ਨੇ ਕਵਿਤਾਵਾਂ ਪੇਸ਼ ਕੀਤੀਆਂ। ਆਖੀਰ ਵਿੱਚ ਅਰਦਾਸ ਕਰਨ ਉਪਰੰਤ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਦੀ ਪ੍ਰਾਪਤੀ ਕੀਤੀ।
ਉਕਤ ਸਮਾਗਮ ਵਿੱਚ ਮੰਚ ਦੇ ਪ੍ਰਧਾਨ ਸੰਤ ਸਾਧੂ ਸਿੰਘ, ਸਰਦਾਰ ਲਖਬੀਰ ਸਿੰਘ, ਸ: ਦਲਬੀਰ ਸਿੰਘ ਹੰਸਪਾਲ,ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਦੇ ਮੈਨੇਜਰ ਸਾਹਿਬ,ਕਰਮਚਾਰੀ,ਸੇਵਾਦਾਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸ਼ਾਮਿਲ ਹੋਏ। ਆਖੀਰ ਵਿੱਚ ਸੰਤ ਸਿਪਾਹੀ ਵਿਚਾਰ ਮੰਚ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਬੁਲਾਰਿਆਂ ਦਾ ਸਿਰੋਪਾਓ ਅਤੇ ਸਨਮਾਨ ਚਿੰਨ ਦੇਕੇ ਸਨਮਾਨ ਕੀਤਾ ਗਿਆ। ਸ: ਹਰੀ ਸਿੰਘ ਮਥਾਰੂ ਅਤੇ ਸੰਤ ਸਾਧੂ ਸਿੰਘ ਜੀ ਨੇ ਸਮੂਹ ਸੰਗਤ ਦੇ ਧੰਨਵਾਦ ਦੇ ਨਾਲ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ।