ਜੰਡਿਆਲਾ ਗੁਰੂ, 30 ਮਈ (ਕੰਵਲਜੀਤ ਸਿੰਘ ਲਾਡੀ) : ਕੇਂਦਰ ਸਰਕਾਰ ਅਤੇ ਵੱਖ ਵੱਖ ਸੂਬਾ ਸਰਕਾਰਾਂ ਵੱਲੋਂ ਜਾਰੀ ਕੋਰੋਨਾ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੰਤ ਸਿਪਾਹੀ ਵਿਚਾਰ ਮੰਚ (ਰਜਿ) ਨਵੀਂ ਦਿੱਲੀ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 30 ਮਈ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਆਨਲਾਇਨ ਮਾਧਿਅਮ ਰਾਹੀਂ ਮਨਾਇਆ ਗਿਆ। ਮੰਚ ਦੇ ਕੋ-ਆਰਡੀਨੇਟਰ ਸ: ਹਰੀ ਸਿੰਘ ਮਥਾਰੂ ਲਗਾਤਾਰ ਇਸ ਪ੍ਰਚਾਰ ‘ਚ ਜੁੜੇ ਹੋਏ ਹਨ ਕਿ ਇਤਿਹਾਸਕ ਤਾਰੀਖਾਂ ਦੇ ਮੱਦੇਨਜ਼ਰ ਹੀ ਗੁਰੂ ਸਾਹਿਬਾਨ ਦੇ ਪੁਰਬ ਮਨਾਉਣੇ ਚਾਹੀਦੇ ਹਨ ਤਾਂ ਜੋ ਸੰਗਤਾਂ ਵਿੱਚ ਇਤਿਹਾਸਕ ਤਾਰੀਖਾਂ ਨੂੰ ਲੈਕੇ ਚੱਲੀ ਆ ਰਹੀ ਦੁਬਿਧਾ ਦੂਰ ਕੀਤੀ ਜਾ ਸਕੇ ਕਿਉਂਕਿ ਅੱਜ ਵੀ ਇਤਿਹਾਸਕ ਗੁਰੂ ਅਸਥਾਨਾਂ ‘ਤੇ ਜਾਕੇ ਲਿਖੇ ਇਤਿਹਾਸ ‘ਤੇ ਜੇਕਰ ਨਜ਼ਰ ਮਾਰੀਏ ਜਾਂ ਵੱਖ ਵੱਖ ਕਿਤਾਬਾਂ ਪੜ੍ਹੀਏ ਜਾਂ ਮੌਜੂਦਾ ਦੌਰ ‘ਚ ਗੂਗਲ ਦੀ ਮਦਦ ਲੈਕੇ ਇਤਿਹਾਸ ‘ਤੇ ਨਜ਼ਰ ਪਾਈਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਇਤਿਹਾਸ ਹੋਰ ਹੈ ਅਤੇ ਵੱਖ ਵੱਖ ਧਾਰਮਿਕ ਸੰਸਥਾਵਾਂ ਹੋਰ ਤਾਰੀਖਾਂ ‘ਤੇ ਪੁਰਬ ਮਨਾ ਰਹੀਆਂ ਹਨ ਅਤੇ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਵਿੱਚ ਦੁਬਿਧਾ ਵੱਧਦੀ ਜਾ ਰਹੀ ਹੈ। ਜੰਡਿਆਲਾ ਗੁਰੂ ਦੇ ਵਸਨੀਕ ਮੰਚ ਦੇ ਮੀਡੀਆ ਸਕੱਤਰ ਪੰਥਕ ਕਵੀ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਦੱਸਿਆ ਕਿ ਮੰਚ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਆਨਲਾਇਨ ਸਮਾਗਮ ਕਰਵਾਏ ਗਏ ਜਿਸ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਕਥਾ-ਵਿਚਾਰ ਅਤੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦੇਸ਼ ਭਰ ਦੇ ਪੰਥਕ ਕਵੀਆਂ ਨੇ ਸ਼ਮੂਲੀਅਤ ਕੀਤੀ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਉਕਤ ਕਵੀ ਦਰਬਾਰ ਵਿੱਚ ਪੰਥਕ ਕਵੀ ਗੁਰਚਰਨ ਸਿੰਘ ਚਰਨ(ਨਵੀਂ ਦਿੱਲੀ), ਗੁਰਚਰਨ ਸਿੰਘ ਜੋਗੀ(ਅੰਬਾਲਾ), ਗੁਰਚਰਨ ਸਿੰਘ ਚੰਨ(ਜਲਾਲਾਬਾਦ), ਸਤੀਸ਼ ਕੌਰ ਸੋਹਲ(ਨਵੀਂ ਦਿੱਲੀ),ਐਡਵੋਕੇਟ ਸ਼ੁਕਰਗੁਜ਼ਾਰ ਸਿੰਘ(ਜੰਡਿਆਲਾ ਗੁਰੂ),
ਮਲਕੀਤ ਸਿੰਘ ਨਿਮਾਣਾ(ਮੱਤੇਵਾਲ), ਪਰਵਿੰਦਰ ਸਿੰਘ ਹੇਅਰ(ਮੁੰਬਈ) ਸ਼ਾਮਿਲ ਹੋਏ। ਕਵੀ ਦਰਬਾਰ ਦਾ ਸੰਚਾਲਨ ਸ:ਹਰੀ ਸਿੰਘ ਮਥਾਰੂ ਨੇ ਕੀਤਾ। ਉਕਤ ਕਵੀ ਦਰਬਾਰ ਮੰਚ ਦੇ ਪ੍ਰਧਾਨ ਸੰਤ ਸਾਧੂ ਸਿੰਘ ਅਤੇ ਮੀਤ ਪ੍ਰਧਾਨ ਸ:ਦਲਬੀਰ ਸਿੰਘ ਹੰਸਪਾਲ ਦੀ ਰਹਿਨੁਮਾਈ ਹੇਂਠ ਹੋਇਆ। ਆਖੀਰ ਵਿੱਚ ਸੰਤ ਸਿਪਾਹੀ ਵਿਚਾਰ ਮੰਚ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਿੱਖ ਜਥੇਬੰਦੀਆਂ ਪਾਸ ਬੇਨਤੀ ਕੀਤੀ ਕਿ ਇਤਿਹਾਸਕ ਤਾਰੀਖਾਂ ਅਨੁਸਾਰ ਹੀ ਗੁਰੂ ਪੁਰਬ ਮਨਾਏ ਜਾਣ ਤੇ ਸੰਗਤਾਂ ਵਿੱਚ ਚੱਲੀ ਆ ਰਹੀ ਤਾਰੀਖਾਂ ਪ੍ਰਤੀ ਦੁਬਿਧਾ ਦੂਰ ਕੀਤੀ ਜਾਵੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਸਾਰ ਇਤਿਹਾਸਕ ਤਾਰੀਖਾਂ ਦੱਸੀਆਂ ਜਾ ਸਕਣ।