ਸੜਕ ਹਾਦਸੇ ਵਿੱਚ ਅਧਿਆਪਕ ਰਾਜਵਿੰਦਰ ਸਿੰਘ ਦੀ ਮੌਤ
ਸਕੂਲ ਜਾਮਾਰਾਏ ਵਿਖੇ ਬਤੌਰ ਸੈਂਟਰ ਹੈਡ ਟੀਚਰ ਵਜੋਂ ਨਿਭਾ ਰਹੇ ਸੀ ਸੇਵਾਵਾਂ
ਅਧਿਆਪਕ ਵਰਗ ਵਿੱਚ ਸੋਗ ਦੀ ਲਹਿਰ
ਕੁਝ ਦਿਨ ਪਹਿਲਾਂ ਹੀ ਪ੍ਰਾਪਤ ਹੋਈ ਸੀ ਪੁੱਤਰ ਦੀ ਦਾਤ
ਚੋਹਲਾ ਸਾਹਿਬ/ਤਰਨਤਾਰਨ, 26 ਅਕਤੂਬਰ (ਰਾਕੇਸ਼ ਨਈਅਰ) : ਸਕੂਲ ਸਿੱਖਿਆ ਵਿਭਾਗ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਜਾਮਾਰਾਏ ਵਿਖੇ ਬਤੌਰ ਸੈਂਟਰ ਹੈਡ ਟੀਚਰ ਵਜੋਂ ਸੇਵਾਵਾਂ ਨਿਭਾ ਰਹੇ ਅਧਿਆਪਕ ਰਾਜਵਿੰਦਰ ਸਿੰਘ ਸਿੱਧੂ ਜ਼ੋ ਸੋਮਵਾਰ ਸਵੇਰੇ ਭਿਆਨਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ,ਦੀ ਮੰਗਲਵਾਰ ਨੂੰ ਮੌਤ ਹੋ ਗਈ।ਇਸ ਖ਼ਬਰ ਨਾਲ ਸਮੁੱਚੇ ਅਧਿਆਪਕ ਵਰਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਅਧਿਆਪਕ ਰਾਜਵਿੰਦਰ ਸਿੰਘ ਸਿੱਧੂ ਵਾਸੀ ਨੌਸ਼ਹਿਰਾ ਪੰਨੂੰਆਂ ਸੋਮਵਾਰ ਸਵੇਰੇ ਆਪਣੇ ਮੋਟਰਸਾਈਕਲ ‘ਤੇ ਦਵਾਈ ਲੈ ਕੇ ਵਾਪਸ ਆ ਰਹੇ ਸਨ ਕਿ ਇੱਕ ਸੜਕ ਦੁਰਘਟਨਾ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਤੁਰੰਤ ਗੁਰੂ ਨਾਨਕ ਦੇਵ ਜੀ ਮਲਟੀ-ਸੁਪਰਸਪੈਸਿਲਿਟੀ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ,ਪਰ ਮੰਗਲਵਾਰ ਨੂੰ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ। ਜ਼ਿਕਰਯੋਗ ਹੈ ਕਿ ਅਧਿਆਪਕ ਰਾਜਵਿੰਦਰ ਸਿੰਘ ਨੂੰ ਵਿਆਹ ਤੋਂ ਕਈ ਸਾਲਾਂ ਬਾਅਦ ਅਜੇ 10 ਦਿਨ ਪਹਿਲਾਂ ਹੀ ਪੁੱਤਰ ਦੀ ਦਾਤ ਪ੍ਰਾਪਤ ਹੋਈ ਸੀ,ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਸੈਂਟਰ ਸਕੂਲ ਮੁਖੀ ਰਾਜਵਿੰਦਰ ਸਿੰਘ ਇੱਕ ਚੰਗੇ ਨੇਕ ਦਿਲ ਇਨਸਾਨ ਹੋਣ ਦੇ ਨਾਲ-ਨਾਲ ਇੱਕ ਚੰਗੇ ਅਧਿਆਪਕ ਵੀ ਸਨ। ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ ਨੇ ਸੈਂਟਰ ਹੈਡ ਟੀਚਰ ਰਾਜਵਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਜਵਿੰਦਰ ਸਿੰਘ ਦਾ ਸੰਸਾਰ ਨੂੰ ਛੱਡ ਕੇ ਜਾਣਾ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ।ਉਨ੍ਹਾਂ ਕਿਹਾ ਕਿ ਰਾਜਵਿੰਦਰ ਸਿੰਘ ਇੱਕ ਸੂਝਵਾਨ ਵਿਅਕਤੀ ਹੋਣ ਦੇ ਨਾਲ-ਨਾਲ ਇੱਕ ਚੰਗੇ ਲੇਖਕ ਵੀ ਸਨ ਜਿਨ੍ਹਾਂ ਨੂੰ ਸਕੂਲ ਸਿੱਖਿਆ ਵਿਭਾਗ ਸਦਾ ਯਾਦ ਰੱਖੇਗਾ।
ਇਸ ਮੌਕੇ ਜ਼ਿਲ੍ਹਾ ਤਰਨਤਾਰਨ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਜਿਨ੍ਹਾਂ ਵਿੱਚ ਪ੍ਰਭਜੋਤ ਸਿੰਘ ਗੋਹਲਵੜ ਪ੍ਰਧਾਨ ਬੀ.ਐੱਡ ਅਧਿਆਪਕ ਫਰੰਟ, ਗੁਰਵਿੰਦਰ ਸਿੰਘ ਬੱਬੂ ਪ੍ਰਧਾਨ ਈ.ਟੀ.ਯੂ ਤਰਨਤਾਰਨ,ਅਧਿਆਪਕ ਗੁਰਸ਼ਰਨ ਸਿੰਘ, ਸੁਰਿੰਦਰ ਸਿੰਘ,ਅਮਨਦੀਪ ਸਿੰਘ,ਪਰਮਿੰਦਰ ਸਿੰਘ,ਦਿਨੇਸ਼ ਸ਼ਰਮਾ,ਰਛਪਾਲ ਸਿੰਘ ਸੈਂਟਰ ਹੈਡ ਟੀਚਰ,ਗੁਰਦੀਪ ਸਿੰਘ, ਲਖਵਿੰਦਰ ਕੌਰ,ਸੁਖਬੀਰ ਕੌਰ ਅਤੇ ਜ਼ਿਲੇ ਦੇ ਬਾਕੀ ਅਧਿਆਪਕਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।