ताज़ा खबरपंजाब

ਸੈਲਰ ਮਾਲਕਾਂ ਵੱਲੋਂ ਝੋਨੇ ਦੀ ਖਰੀਦ ਸਬੰਧੀ ਕੈਬਨਿਟ ਮੰਤਰੀਆਂ ਨਾਲ ਮੀਟਿੰਗ, ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਦਾ ਦਿੱਤਾ ਭਰੋਸਾ

ਅੰਮ੍ਰਿਤਸਰ, 03 ਅਕਤੂਬਰ (ਸੁਖਵਿੰਦਰ ਬਾਵਾ) : ਝੋਨੇ ਦੇ ਚੱਲ ਰਹੇ ਸੀਜਨ ਦੌਰਾਨ ਫਸਲ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਸਬੰਧੀ ਸ਼ੈਲਰ ਮਾਲਕਾਂ ਦੇ ਇੱਕ ਵਫਦ ਵੱਲੋਂ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨਾਲ ਆਪਣੀਆਂ ਮੰਗਾਂ ਅਤੇ ਲੋੜਾਂ ਨੂੰ ਲੈ ਕੇ ਵਿਸਥਾਰ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਸੈਲਰ ਮਾਲਕ ਐਸੋਸੀਏਸ਼ਨ ਵੱਲੋਂ ਜੰਡਿਆਲਾ ਗੁਰੂ ਐਸੋਸੀਏਸ਼ਨ ਤੋਂ ਸ ਸੁਰਜੀਤ ਸਿੰਘ ਕੰਗ, ਸ ਸੁਖਦੇਵ ਸਿੰਘ ਪ੍ਰਧਾਨ ਮਹਿਤਾ, ਸ ਦਿਲਬਾਗ ਸਿੰਘ ਬਾਠ ਤਰਨ ਤਾਰਨ, ਗੁਰਦੇਵ ਸਿੰਘ ਖਾਲਸਾ ਪ੍ਰਧਾਨ ਮੰਡੀ ਰਈਆ, ਬਲਦੇਵ ਸਿੰਘ ਬੱਦੋਵਾਲ ਅਤੇ ਹੋਰ ਨੇਤਾ ਹਾਜ਼ਰ ਸਨ। ਸੈਲਰ ਮਾਲਕਾਂ ਨੇ ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਮੰਤਰੀਆਂ ਨੇ ਸਾਡੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਤੁਹਾਡੇ ਮਸਲੇ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਕੇ ਉਹਨਾਂ ਦੇ ਸਾਰਥਿਕ ਹੱਲ ਕੀਤੇ ਜਾਣਗੇ, ਜਿਸ ਉਪਰੰਤ ਅਸੀਂ ਵੀ ਆਪਣੀ ਐਸੋਸੀਏਸ਼ਨ ਵੱਲੋਂ ਵਾਅਦਾ ਕੀਤਾ ਹੈ ਕਿ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਂਦੀ ਜਾਵੇਗੀ। 

ਇਸ ਮੌਕੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਝੋਨੇ ਦੀ ਖਰੀਦ ਵਿੱਚ ਲੇਬਰ ਯੂਨੀਅਨ ਦੀਆਂ ਮੰਗਾਂ ਦਾ ਮੁੱਦਾ ਵੀ ਹੱਲ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੁੱਖ ਮੰਗਾਂ ਮੰਨ ਲਈਆਂ ਹਨ ਅਤੇ ਇਸ ਵੇਲੇ ਝੋਨੇ ਦੀ ਸਾਫ ਸਫਾਈ , ਤੁਲਾਈ ਅਤੇ ਲੋਡਿੰਗ ਦਾ ਰੇਟ ਹਰਿਆਣੇ ਨਾਲੋਂ ਕਰੀਬ 30 ਪੈਸੇ ਵੱਧ ਪ੍ਰਤੀ ਬੋਰੀ ਲੇਬਰ ਨੂੰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਖਰੀਦ ਵੀ ਕੀਤੀ ਜਾ ਰਹੀ ਹੈ ਅਤੇ ਹੁਣ ਸੈਲਰ ਮਾਲਕਾਂ ਨਾਲ ਹੋਈ ਗੱਲਬਾਤ ਮਗਰੋਂ ਝੋਨੇ ਦੀ ਖਰੀਦ ਵਿੱਚ ਹੋਰ ਤੇਜ਼ੀ ਆਵੇਗੀ। ਸ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਝੋਨੇ ਦੇ ਨਾਲ ਨਾਲ ਵੱਡੀ ਆਮਦ ਬਾਸਮਤੀ ਦੀ ਵੀ ਹੁੰਦੀ ਹੈ ਜੋ ਕਿ ਨਿੱਜੀ ਵਪਾਰੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ ਖੁਦ ਖਰੀਦੀ ਜਾਂਦੀ ਹੈ । ਉਸ ਦੀ ਖਰੀਦ ਕਾਫੀ ਦਿਨਾਂ ਤੋਂ ਸ਼ੁਰੂ ਹੈ ਅਤੇ ਉਹ ਲੰਮੇ ਸਮੇਂ ਤੱਕ ਮੰਡੀ ਵਿੱਚ ਆਉਂਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦੇਗੀ ਪਰ ਕਿਸਾਨਾਂ ਲਈ ਇਹ ਜਰੂਰੀ ਹੈ ਕਿ ਉਹ ਆਪਣੀ ਸੁੱਕੀ ਹੋਈ ਫਸਲ ਮੰਡੀ ਵਿੱਚ ਲੈਕੇ ਆਉਣ ਤਾਂ ਜੋ ਮੰਡੀ ਵਿੱਚ ਉਹਨਾਂ ਨੂੰ ਬੈਠਣਾ ਨਾ ਪਵੇ ਅਤੇ ਫਸਲ ਦੇ ਅੰਬਾਰ ਮੰਡੀ ਵਿੱਚ ਨਾ ਲੱਗਣ। ਉਹਨਾਂ ਨੇ ਕਿਹਾ ਕਿ ਸਾਡੀ ਹਰ ਤਰ੍ਹਾਂ ਨਾਲ ਪੂਰੀ ਤਿਆਰੀ ਹੈ ਅਤੇ ਮੰਡੀਆਂ ਵੀ ਪੂਰੀ ਤਰ੍ਹਾਂ ਤਿਆਰ ਹਨ, ਸੋ ਆਪਣੀ ਸੁੱਕੀ ਫਸਲ ਲੈ ਕੇ ਆਓ, ਤਾਂ ਜੋ ਅਸੀਂ ਤੁਹਾਨੂੰ ਨਾਲੋ ਨਾਲ ਵਿਹਲੇ ਕਰ ਦਈਏ। ਇਸ ਮੌਕੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ ਦਲਬੀਰ ਸਿੰਘ ਟੌਗ ਵੀ ਹਾਜ਼ਰ ਸਨ।

Related Articles

Leave a Reply

Your email address will not be published.

Back to top button