ਜੰਡਿਆਲਾ ਗੁਰੂ, 10 ਅਗਸਤ (ਕੰਵਲਜੀਤ ਸਿੰਘ ਲਾਡੀ) : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਵਿਹੜੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਡਾਇਰੈਕਟਰ ਡਾ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਅਤੇ ਸਕੂਲ ਦੇ ਸਾਰੇ ਸਟਾਫ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ। ਸਾਰੇ ਸਟਾਫ ਨੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕੱਪੜੇ ਪਾਏ ਹੋਏ ਸਨ। ਸਕੂਲ ਦੀ ਫੀਮੇਲ ਸਟਾਫ ਨੇ ਪੰਜਾਬੀ ਸੂਟ ਅਤੇ ਮੇਲ ਸਟਾਫ਼ ਨੇ ਕੁੜਤਾ ਪਜਾਮਾ ਪਾ ਕੇ ਮਾਹੌਲ ਨੂੰ ਪੰਜਾਬੀ ਸੱਭਿਆਚਾਰ ਦੇ ਰੰਗਾਂ ਵਿੱਚ ਰੰਗ ਦਿੱਤਾ। ਸਭ ਤੋਂ ਪਹਿਲਾਂ ਸਕੂਲ ਦੇ ਸਟਾਫ ਨੇ ਰਲ਼ ਮਿਲ ਕਰਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਗਾਣੇ ਗਾਏ। ਉਪਰੰਤ ਸਾਰੇ ਫੀਮੇਲ ਸਟਾਫ ਨੇ ਗਿੱਧਾ ਪਾ ਸਭ ਨੂੰ ਝੂਮਣ ਲਾ ਦਿੱਤਾ ਅਤੇ ਨਾਲ ਹੀ ਭੰਗੜੇ ਦੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਅਤੇ ਸਮੂਹ ਸਟਾਫ ਨੇ ਪੀਂਘਾਂ ਝੂਟੀਆਂ ਅਤੇ ਪੰਜਾਬੀ ਸੱਭਿਆਚਾਰ ਦਾ ਰੰਗ ਪੇਸ਼ ਕੀਤਾ ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਕਿਹਾ ਕਿ ਸਾਨੂੰ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਹਰ ਤਿਉਹਾਰ ਮਨਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਆਪ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਸਕੀਏ । ਇਸ ਮੌਕੇ ਸਾਰੇ ਸਟਾਫ ਵਾਸਤੇ ਮਾਲ ਪੂੜੇ, ਗੁੜ ਦੇ ਪੂੜੇ, ਨਮਕੀਨ ਪੂੜੇ ਅਤੇ ਖੀਰ ਦਾ ਪ੍ਰਬੰਧ ਵੀ ਕੀਤਾ ਗਿਆ। ਸਭ ਨੇ ਖ਼ੁਸ਼ੀਆਂ ਖੇੜਿਆਂ ਦੇ ਨਾਲ ਤੀਆਂ ਦਾ ਤਿਉਹਾਰ ਮਨਾਇਆ।