ਅੰਮ੍ਰਿਤਸਰ/ਜੰਡਿਆਲਾ ਗੁਰੂ, 07 ਜੁਲਾਈ (ਕੰਵਲਜੀਤ ਸਿੰਘ) : ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਕੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਭਾਜਪਾ ਨੂੰ ਪੰਜਾਬ ਵਿੱਚ ਮਜ਼ਬੂਤ ਕਰਨ ਲਈ ਜਿੱਥੇ ਬਹੁਤ ਵੱਡਾ ਰਾਜਨੀਤਕ ਅਤੇ ਡਿਪਲੋਮੈਟਿਕ ਫੈਸਲਾ ਲਿਆ, ਉਥੇ ਹੀ ਦੇਸ਼ ਦੀਆਂ ਦੂਜੀਆਂ ਰਾਜਨੀਤਕ ਪਾਰਟੀਆਂ ਨੂੰ ਪਾਰਟੀ ਵਿਚਲੇ ਅਨੁਸ਼ਾਸਨ ਦਾ ਸ਼ੀਸ਼ਾ ਵੀ ਵਿਖਾਇਆ ਤੇ ਸੁਨੀਲ ਜਾਖੜ ਦੇ ਪ੍ਰਧਾਨ ਬਣਨ ਨਾਲ ਭਾਜਪਾ ਪੰਜਾਬ ਵਿਚ ਹੋਰ ਵੀ ਮਜ਼ਬੂਤ ਹੋਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵਕ ਤੇ ਰਾਜਨੀਤਕ ਮਾਮਲਿਆਂ ਦੇ ਮਾਹਰ ਗੁਪਤੇਸਵਰ ਬਾਵਾ ਨੇ ਅੱਠਾ ਡੱਡੂਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਣਾ ਸੋਢੀ, ਡਾ. ਰਾਜਕੁਮਾਰ ਵੇਰਕਾ, ਫਤਹਿਜੰਗ ਬਾਜਵਾ, ਅਸ਼ਵਨੀ ਕੁਮਾਰ ਅਤੇ ਹੋਰ ਕਈ ਕਾਂਗਰਸ ਦੇ ਵੱਡੇ ਕੱਦ ਦੇ ਨੇਤਾ ਭਾਜਪਾ ਵਿੱਚ ਆ ਚੁੱਕੇ ਹਨ, ਤੇ ਹੋਰ ਵੀ ਕਈ ਰਾਜਨੀਤਕ ਪਾਰਟੀਆਂ ਨੇਤਾ ਇਸ ਸਮੇਂ ਭਾਜਪਾ ਦਾ ਹਿੱਸਾ ਹਨ, ਜਾਂ ਆਉਂਣ ਵਾਲੇ ਸਮੇਂ ਵਿੱਚ ਬੀਜੇਪੀ ਦਾ ਪੱਲਾ ਫੜ ਸਕਦੇ ਹਨ। ਉਹਨਾਂ ਕਿਹਾ ਕਿ ਸੁਨੀਲ ਜਾਖੜ ਵਿੱਚ ਇਨ੍ਹਾਂ ਸਭ ਨੇਤਾਵਾਂ ਨੂੰ ਨਾਲ ਲੈਕੇ ਚਲਣ ਦੀ ਸਮਰੱਥਾ ਹੈ ਅਤੇ ਭਾਜਪਾ ਲੀਡਰਸ਼ਿਪ ਕੇਂਦਰ ਦੇ ਫੈਸਲਿਆਂ ਅਨੁਸਾਰ ਹੀ ਚੱਲਦੀ ਹੈ। ਬਾਵਾ ਨੇ ਕਿਹਾ ਕਿ ਅਮ੍ਰਿਤਸਰ ਆਉਣ ਤੇ ਸੁਨੀਲ ਜਾਖੜ ਨੇ ਬਿਆਨ ਵਿੱਚ ਕਿਹਾ ਹੈ ਕਿ ਬਤੌਰ ਪ੍ਰਧਾਨ ਉਸਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਵਿੱਚ ਲੋਕਸਭਾ ਦੀਆਂ 13 ਸੀਟਾਂ ਅਤੇ ਅਸੈਂਬਲੀ ਦੀਆਂ 117 ਸੀਟਾਂ ਤੇ ਚੋਣ ਲੜਕੇ, ਚੰਗੇ ਨਤੀਜੇ ਦੇਣ ਗੇ।
ਉਹਨਾਂ ਕਿਹਾ ਕਿ ਸੁਨੀਲ ਜਾਖੜ ਜਿੱਥੇ ਇਮਾਨਦਾਰ, ਭਲਾਮਾਣਸ ਨੇਤਾ ਹੈ, ਉਥੇ ਹਰ ਗੱਲ ਨਾਪਤੋਲ ਕੇ ਬੋਲਣਾ, ਵੀ ਉਸਦਾ ਬਹੁਤ ਵੱਡਾ ਗੁਣ ਹੈ। ਅਸਲੀਅਤ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਸੁਨੀਲ ਜਾਖੜ ਦੇ ਭਾਜਪਾ ਪ੍ਰਧਾਨ ਬਣਨ ਨਾਲ, ਬਹੁਤ ਵੱਡੇ ਬਦਲਾਅ ਆਉਣ ਵਾਲੇ ਹਨ। ਕਿਸਾਨ ਮੋਰਚੇ ਦਾ ਗੁੱਸਾ ਕਾਫੀ ਹੱਦ ਤੱਕ ਘੱਟ ਚੁੱਕਾ ਹੈ, ਰਹਿੰਦਾ ਗੁੱਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੀਤੇ ਕੰਮਾਂ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਪ੍ਰਤੀ ਸੁਹਿਰਦ ਸੋਚ ਨੇ ਖਤਮ ਕਰ ਦੇਣਾ ਹੈ। ਇਸ ਸਮੇਂ ਦੀ ਪੰਜਾਬ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਦਾ ਸਭ ਤੋਂ ਵੱਡਾ ਕੰਮ ਇਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪੰਜਾਬ ਲਈ ਕੀਤੇ ਕੰਮਾਂ ਅਤੇ ਪੰਜਾਬ ਪ੍ਰਤੀ ਉਸਦੀ ਸੁਹਿਰਦ ਸੋਚ ਨੂੰ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਜਾਵੇ।
ਮੌਜੂਦਾ ਪੰਜਾਬ ਸਰਕਾਰ ਲੱਗਭਗ ਪੰਜਾਬ ਦੇ ਲੋਕਾਂ ਦੀਆਂ ਆਸ਼ਾਵਾਂ ਤੇ ਖਰੀ ਨਹੀਂ ਉਤਰਦੀ। ਜੋ 90% ਲੋਕਾਂ ਦੇ ਫ੍ਰੀ ਬਿਜਲੀ ਦਾ ਰੌਲਾ ਪਾ ਰਹੇ ਹਨ, ਲੋਕਾਂ ਨੂੰ ਇਹ ਵੀ ਪਤਾ ਹੈ ਕਿ ਤਿੰਨ ਸਾਢੇ ਤਿੰਨ ਦਹਾਕਿਆਂ ਵਿੱਚ ਪੰਜਾਬ ਸਿਰ ਤਿੰਨ ਲੱਖ ਕਰੋੜ ਕਰਜ਼ਾ ਚੜਿਆ,ਜਿਸ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ 45000 ਕਰੋੜ ਰੁਪਏ ਦਾ ਵਾਧਾ ਕਰ ਦਿੱਤਾ ਹੈ, ਜਿਸ ਦੀ ਅਦਾਇਗੀ ਪੰਜਾਬ ਦੇ ਲੋਕਾਂ ਦੀ ਜੇਬ ਵਿੱਚੋਂ ਹੀ ਹੋਣੀ ਹੈ। ਪੰਜਾਬ ਦੇ ਲੋਕ ਜਿਸ ਕਿਸਮ ਦਾ ਰੰਗਲਾ ਪੰਜਾਬ ਚਾਹੁੰਦੇ ਹਨ, ਜਿਸ ਵਿੱਚ ਪੰਜਾਬੀ ਵਿੱਚ ਸਵੈਮਾਣ, ਤਕੜੇ ਜੁੱਸੇ, ਖੇਡਾਂ ਦਾ ਬਾਦਸ਼ਾਹ, ਖੇਤੀਬਾੜੀ ਅਤੇ ਇੰਡਸਟਰੀ ਵਿੱਚ ਨਾਮ, ਕਾਨੂੰਨ ਵਿਵਸਥਾ ਅਤੇ ਭਾਈਚਾਰਕ ਸਾਂਝ, ਇਹ ਸਭ ਕੇਂਦਰ ਅਤੇ ਸਟੇਟ ਵਿੱਚ ਭਾਜਪਾ ਦੀ ਸਰਕਾਰ ਵਿੱਚ ਹੀ ਸੰਭਵ ਹੈ। ਉਹਨਾਂ ਕਿਹਾ ਕਿ ਆਸ ਨਹੀਂ ਬਲਕਿ ਯਕੀਨ ਹੈ ਕਿ ਰੰਗਲੇ ਪੰਜਾਬ ਲਈ ਸੁਨੀਲ ਜਾਖੜ ਵਧੀਆ ਕੰਮ ਕਰਨਗੇ, ਉਹ ਇਕ ਇਮਾਨਦਾਰ ਅਤੇ ਅਨੁਸ਼ਾਸਨਾਤਮਕ ਪਾਰਟੀ ਦੇ ਪੰਜਾਬ ਦੇ ਕੈਪਟਨ ਵੀ ਹਨ ਅਤੇ ਉਨ੍ਹਾਂ ਕੋਲ ਰਾਜਨੀਤੀ ਦਾ ਪਰਿਵਾਰਕ ਤਜਰਬਾ ਵੀ ਹੈ।