
ਪੰਜਾਬ, 12 ਅਪ੍ਰੈਲ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ, ਡੇਲੀਗੇਟਾਂ ਅਤੇ ਕਾਰਜਕਾਰਨੀ ਦੇ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਸੱਦੇ ਗਏ ਇਜਲਾਸ ਦੌਰਾਨ, ਕਈ ਅਟਕਲਾਂ ਉਪਰੰਤ ਸ. ਸੁਖਬੀਰ ਸਿੰਘ ਬਾਦਲ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣਾ ਪਾਰਟੀ ਦੀ ਮਜ਼ਬੂਤੀ ਦਾ ਸੰਕੇਤ ਹੈ, ਜਿਸਦੀ ਕਿ ਸਮੁੱਚੀ ਲੀਡਰਸ਼ਿਪ ਨੇ ਸ਼ਲਾਘਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ ਨੇ ਜਿਥੇ ਪਾਰਟੀ ਪ੍ਰਧਾਨ ਸ. ਬਾਦਲ ਨੂੰ ਮੁਬਾਰਕਾਂ ਦਿੱਤੀਆਂ, ਉਥੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਭੱਟੀ ਨੇ ਕਿਹਾ ਕਿ ਬਾਗੀ ਅਕਾਲ਼ੀ ਆਗੂਆਂ ਨੇ ਜਿਵੇੰ ਦੇ ਹਾਲਾਤ ਅਤੇ ਮੁਸ਼ਕਿਲਾਂ ਸ. ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਵਾਸਤੇ ਖੜੀਆਂ ਕੀਤੀਆਂ ਸਨ, ਉਸ ਉੱਪਰ ਹੁਣ ਵਿਸ਼ਰਾਮ ਚਿੰਨ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀਆਂ ਦੀ ਆਨ ਬਾਨ ਤੇ ਸ਼ਾਨ ਸ. ਸੁਖਬੀਰ ਸਿੰਘ ਬਾਦਲ ਹੀ ਹਨ, ਹੋਰ ਕੋਈ ਵੀ ਉਨ੍ਹਾਂ ਵਰਗਾ ਨਹੀਂ ਹੋ ਸਕਦਾ। ਸ. ਭੱਟੀ ਨੇ ਕਿਹਾ ਕਿ ਵਿਰੋਧੀਆਂ ਕੋਲ ਹੁਣ ਵੀ ਸਮਾਂ ਹੈ ਕਿ ਉਹ ਪਟੋਧਾੜ ਵਾਲੀ ਨੀਤੀ ਛੱਡ ਕੇ ਵਾਪਿਸ ਪਾਰਟੀ ਵਿੱਚ ਸ਼ਾਮਿਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਾਸਤੇ ਕੰਮ ਕਰਨ ਕਿਓਂਕਿ ਸਾਰਿਆਂ ਦੇ ਇਕੱਠੇ ਹੋਣ ਨਾਲ, ਜਿੱਥੇ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇਗਾ, ਉੱਥੇ ਪੰਜਾਬ ਦਾ ਵਿਕਾਸ ਵੀ ਪਹਿਲਾਂ ਦੀ ਤਰਾਂ ਦੁਬਾਰਾ ਆਪਣੀਆਂ ਲੀਹਾਂ ਤੇ ਆ ਜਾਵੇਗਾ।