ਚੋਹਲਾ ਸਾਹਿਬ/ਤਰਨਤਾਰਨ,7 ਮਾਰਚ (ਰਾਕੇਸ਼ ਨਈਅਰ) : ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਗਿਆਨ ਦਾ ਚਾਨਣ ਫੈਲਾ ਕੇ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਾਲੀ ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਚੱਲ ਰਹੀ ‘ਬਲੱਡ ਵਾਲਟ ਲਾਇਬ੍ਰੇਰੀ’ ਨੇ ਸਾਹਿਤਕ ਪ੍ਰੇਮੀਆਂ ਵਲੋਂ ਲਗਾਤਾਰ ਮਿਲ ਰਹੇ ਪਿਆਰ ਅਤੇ ਸਹਿਯੋਗ ਸਦਕਾ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੋਈ ਹੈ।ਐਤਵਾਰ ਨੂੰ ਇਸ ਲਾਇਬ੍ਰੇਰੀ ਵਿੱਚ ਉਚੇਚੇ ਤੌਰ ‘ਤੇ ਪੁੱਜੇ ਐਨ.ਆਰ.ਆਈ ਅਤੇ ਇਥੋਂ ਦੇ ਹੀ ਜੰਮਪਲ ਕੈਨੇਡਾ ਤੋਂ ਛਪਦੇ ‘ਦੇਸ ਪ੍ਰਦੇਸ ਟਾਈਮਜ਼’ ਅਖ਼ਬਾਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ‘ਚੋਹਲਾ’ ਵਲੋਂ ਆਪਣੇ ਪਿੰਡ ਪ੍ਰਤੀ ਸਨੇਹ ਨੂੰ ਦਰਸਾਉਂਦੇ ਹੋਏ ਵੱਖ-ਵੱਖ ਵਿਦਵਾਨਾਂ ਵਲੋਂ ਲਿਖੀਆਂ 260 ਕਿਤਾਬਾਂ ਇਸ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ ਗਈਆਂ।
‘ਬਲੱਡ ਵਾਲਟ ਲਾਇਬ੍ਰੇਰੀ’ ਚੋਹਲਾ ਸਾਹਿਬ ਲਈ ਕਿਤਾਬਾਂ ਭੇਂਟ ਕਰਦੇ ਹੋਏ ਸੀਨੀਅਰ ਪੱਤਰਕਾਰ ਸੁਖਵਿੰਦਰ ‘ਚੋਹਲਾ’ ਤੇ ਹੋਰ।
ਇਸ ਮੌਕੇ ਉਨ੍ਹਾਂ ਲਾਇਬ੍ਰੇਰੀ ਦੇ ਮੁੱਖ ਸੰਚਾਲਕ ਸੰਦੀਪ ਸਿੰਘ ਸਿੱਧੂ ਅਤੇ ਪਰਮਿੰਦਰ ਸਿੰਘ ਚੋਹਲਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ‘ਬਲੱਡ ਵਾਲਟ ਲਾਇਬ੍ਰੇਰੀ’ ਦੀ ਸਮੁੱਚੀ ਟੀਮ ਪ੍ਰਸੰਸਾ ਦੀ ਹੱਕਦਾਰ ਹੈ ਜਿੰਨਾ ਨੇ ਮਨੁੱਖ ਦੀ ਜ਼ਿੰਦਗੀ ਲਈ ਬਹੁਤ ਹੀ ਅਹਿਮ ਕਿਤਾਬਾਂ ਦਾ ਖਜ਼ਾਨਾ ਖੋਲਿਆ ਹੈ,ਜਿਥੇ ਹਰ ਵਰਗ ਦੇ ਲੋਕ ਕਿਤਾਬਾਂ ਦੇ ਮਾਧਿਅਮ ਰਾਹੀਂ ਗਿਆਨ ਅਤੇ ਜੀਵਨ ਜਾਂਚ ਹਾਸਲ ਕਰ ਸਕਦੇ ਹਨ। ਸ.ਸੁਖਵਿੰਦਰ ਸਿੰਘ ‘ਚੋਹਲਾ’ ਨੇ ਕਿਹਾ ਕਿ ਇਨਸਾਨ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਕੁਝ ਸਮਾਂ ਕੱਢ ਕੇ ਚੰਗੀਆਂ ਕਿਤਾਬਾਂ ਜ਼ਰੂਰ ਪੜ੍ਹਣੀਆਂ ਚਾਹੀਦੀਆਂ ਹਨ,ਕਿਉਂਕਿ ਕਿਤਾਬਾਂ ਮਨੁੱਖ ਦਾ ਸੱਚਾ ਮਿੱਤਰ ਹੁੰਦੀਆਂ ਹਨ।ਕਿਤਾਬਾਂ ਵਿਚੋਂ ਸਾਨੂੰ ਹਰ ਗੱਲ ਦੀ ਸਹੀ ਜਾਣਕਾਰੀ ਮਿਲਦੀ ਹੈ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵਿੱਚ ਵੀ ਹੱਸਦੇ ਰਹਿਣ ਦਾ ਗੁਣ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜੀ ਹੋਈ ਹੈ,ਪਰ ਇਸਦੇ ਨਾਲ ਹੀ ਨੌਜਵਾਨਾਂ ਨੂੰ ਸਾਹਿਤ ਨਾਲ ਵੀ ਪਿਆਰ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ‘ਬਲੱਡ ਵਾਲਟ ਲਾਇਬ੍ਰੇਰੀ’ਦੀ ਟੀਮ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਉਨ੍ਹਾਂ ਦੇ ਸਪੁੱਤਰ ਅਨੁਪਿੰਦਰ ਸਿੰਘ,ਪਰਮਜੀਤ ਜੋਸ਼ੀ,ਬਲਵਿੰਦਰ ਸਿੰਘ,ਰਾਕੇਸ਼ ਨਈਅਰ, ਯੁਵਾ ਆਗੂ ਤਰੁਣ ਜੋਸ਼ੀ ,ਮਨਜੀਤ ਸਿੰਘ ਸੰਧੂ,ਰਾਕੇਸ਼ ਬਾਵਾ, ਤੇਜਿੰਦਰ ਸਿੰਘ ਖਾਲਸਾ,ਨਿਰਮਲ ਸਿੰਘ ਸੰਗਤਪੁਰਾ, ਬਲਜਿੰਦਰ ਸਿੰਘ ਘੜਕਾ, ਹਰਜਿੰਦਰ ਸਿੰਘ ਰਾਏ,ਰਮਨ ਕੁਮਾਰ ਚੱਡਾ,ਹਰਪ੍ਰੀਤ ਸਿੰਘ, ਭਗਤ ਸਿੰਘ ਆਦਿ ਹਾਜ਼ਰ ਸਨ