ताज़ा खबरपंजाब

ਸਿੱਧੂ ਮੂਸੇਵਾਲਾ ‘ਤੇ ਛਪੀ ਨਵੀਂ ਕਿਤਾਬ ‘ਮੂਸੇਵਾਲ਼ਾ ਕੌਣ’ ਲੇਖਕ ਦੇ ਪਰਿਵਾਰ ਵੱਲੋਂ ਰਿਲੀਜ਼

ਕਿਤਾਬ ‘ਚ ਸਿੱਧੂ ਮੂਸੇਵਾਲਾ ਦੀ ਸ਼ਖ਼ਸੀਅਤ ਨਾਲ਼ ਇਨਸਾਫ਼ ਕੀਤਾ ਹੈ : ਸੁਰਜੀਤ ਸਿੰਘ ਜਰਮਨੀ

ਅੰਮ੍ਰਿਤਸਰ/ਜੰਡਿਆਲਾ ਗੁਰੂ, 08 ਸਤੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲ਼ਾ ‘ਤੇ ਛਪੀ ਨਵੀਂ ਕਿਤਾਬ ‘ਮੂਸੇਵਾਲ਼ਾ ਕੌਣ’ ਅੱਜ ਲੇਖਕ ਸੁਰਜੀਤ ਸਿੰਘ ਜਰਮਨੀ ਦੇ ਮਾਤਾ ਰਜਿੰਦਰ ਕੌਰ, ਪਿਤਾ ਨਿਰਮਲ ਸਿੰਘ, ਮਾਮਾ ਸੁਖਦੇਵ ਸਿੰਘ, ਮਾਮੀ ਸਵਰਨਜੀਤ ਕੌਰ ਅਤੇ ਬਾਪੂ ਬਹਾਦਰ ਸਿੰਘ ਵੱਲੋਂ ਆਪਣੇ ਗ੍ਰਹਿ ਪਿੰਡ ਠੱਠਾ ਵਿਖੇ ਰਿਲੀਜ਼ ਕੀਤੀ ਗਈ। ਜਾਰੀ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਹੋਇਆ ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਸਰਕਾਰਾਂ ਨੇ ਮਿੱਥ ਕੇ ਮਰਵਾਇਆ ਹੈ। ਸਿੱਧੂ ਮੂਸੇਵਾਲਾ ਦੀ ਪੰਜਾਬ ਪੱਖੀ ਸ਼ਖ਼ਸੀਅਤ ਨੂੰ ਜਾਣਨ-ਪਹਿਚਾਨਣ ਅਤੇ ਉਸ ਦੇ ਕਤਲ ਦੇ ਭੇਦਾਂ ਬਾਰੇ ਸਮਝਣ ਲਈ ਲੇਖਕ ਸੁਰਜੀਤ ਸਿੰਘ ਜਰਮਨੀ ਵੱਲੋਂ ਲਿਖੀ ਇਹ ਕਿਤਾਬ ਅਦਾਰਾ ਖ਼ਾਲਸਾ ਫ਼ਤਹਿਨਾਮਾ ਵੱਲੋਂ ਪ੍ਰਕਾਸ਼ਿਤ ਹੋਈ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਨ ਸਮੇਂ ਲੇਖਕ ਦੇ ਮਾਤਾ-ਪਿਤਾ ਅਤੇ ਭਾਈ ਜਗਦੇਵ ਸਿੰਘ ਸੇਖਵਾਂ, ਭਾਈ ਬਲਵਿੰਦਰ ਸਿੰਘ ਪੱਖੋਕੇ, ਕਮੇਡੀ ਕਲਾਕਾਰ ਚਾਚਾ ਬਿਸ਼ਨਾ ਅਤੇ ਕਮੇਡੀਅਨ ਘੁੱਲੇ ਸ਼ਾਹ ਨੇ ਲੇਖਕ ਸੁਰਜੀਤ ਸਿੰਘ ਜਰਮਨੀ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇੱਕ ਕਲਾਕਾਰ ਜਾਂ ਇੱਕ ਰੈਪਰ ਦੇ ਤੌਰ ‘ਤੇ ਤਕਰੀਬਨ ਸਾਰੇ ਹੀ ਜਾਣਦੇ ਹਨ ਪਰ ਉਸ ਦਾ ਅਸਲ ਰੂਪ ਜਿਹੜਾ ਪੰਜਾਬ ਅਤੇ ਪੰਜਾਬੀਅਤ ਪੱਖੀ ਸੀ ਉਹ ਬਹੁਤ ਘੱਟ ਲੋਕ ਜਾਣਦੇ ਹਨ। ਇਸ ਕਿਤਾਬ ‘ਚ ਅਣਖ਼ੀ ਪੰਜਾਬ ਦੇ ਅਣਖ਼ੀਲੇ ਪੰਜਾਬੀ ਸਿੱਧੂ ਮੂਸੇਵਾਲਾ ਦੀ ਦਾਸਤਾਨ ਲਿਖੀ ਗਈ ਹੈ । ਜਿਸ ਤੋਂ ਸਰਕਾਰਾਂ ਨੂੰ ਖ਼ਤਰਾ ਮਹਿਸੂਸ ਹੁੰਦਾ ਸੀ ਤੇ ਨਸ਼ੇ ਦੇ ਵਪਾਰੀਆਂ, ਫਿਰੌਤੀਆਂ ਮੰਗਣ ਵਾਲ਼ਿਆਂ ਤੇ ਸਰਮਾਏਦਾਰਾਂ ਨੂੰ ਜਦੋਂ ਉਸ ਨੇ ਟੱਕਰ ਦੇਣੀ ਸ਼ੁਰੂ ਕੀਤੀ, ਪੰਜਾਬ ਦੇ ਹੱਕਾਂ ਅਤੇ ਸ਼ਹੀਦਾਂ ਦੀ ਬਾਰੇ ਗਾਏ ਤਾਂ ਫਿਰ ਸਿੱਧੂ ਦਾ ਕਤਲ ਕਰਵਾ ਦਿੱਤਾ ਗਿਆ। ਸਿੱਧੂ ਮੂਸੇਵਾਲਾ ਨੇ ਕੈਨੇਡਾ ਛੱਡ ਕੇ ਪੰਜਾਬ ਦੀ ਧਰਤੀ ਨੂੰ ਚੁਣਿਆ ਤੇ ਆਪਣੇ ਆਪ ਨੂੰ ‘ਟਿੱਬਿਆ ਦਾ ਪੁੱਤ’ ਅਖਵਾ ਕੇ ਮਾਣ ਮਹਿਸੂਸ ਕੀਤਾ। ਲੇਖਕ ਸੁਰਜੀਤ ਸਿੰਘ ਜਰਮਨੀ ਦਾ ਕਹਿਣਾ ਹੈ ਕਿ ‘ਸਿੱਧੂ ਮੂਸੇਵਾਲ਼ਾ ਕੌਣ’ ਨਾਮੀ ਕਿਤਾਬ ਉਸ ਦੀ ਸ਼ਖ਼ਸੀਅਤ ਨਾਲ਼ ਪੂਰਾ ਇਨਸਾਫ਼ ਕਰੇਗੀ। ਮੂਸੇਵਾਲਾ ਕੌਣ ਕਿਤਾਬ ਫ਼ਤਹਿਨਾਮਾ ਤੋਂ 98557-89851 ਨੰਬਰ ‘ਤੇ ਵਟਸਅੱਪ ਮੈਸੇਜ ਕਰਕੇ ਮੰਗਵਾਈ ਜਾ ਸਕਦੀ ਹੈ। ਇਸ ਮੌਕੇ ਰਣਜੀਤ ਸਿੰਘ (ਸੰਪਾਦਕ ਫ਼ਤਹਿਨਾਮਾ), ਭੁਪਿੰਦਰ ਸਿੰਘ ਛੇ ਜੂਨ, ਮਨਪ੍ਰੀਤ ਸਿੰਘ ਮੰਨਾ, ਗਗਨਦੀਪ ਸਿੰਘ ਸੁਲਤਾਨਵਿੰਡ, ਸੁਖਵਿੰਦਰ ਸਿੰਘ ਨਿਜ਼ਾਮਪੁਰ, ਗੁਰਦੀਪ ਸਿੰਘ ਲੋਹਾਰਾ, ਜਸਕਰਨ ਸਿੰਘ ਪੰਡੋਰੀ ਹਾਜ਼ਰ ਸਨ।

Related Articles

Leave a Reply

Your email address will not be published.

Back to top button