
ਪੰਜਾਬ, 12 ਜੂਨ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਅਜਿਹੀ ਪਾਰਟੀ ਸੀ, ਜਿਸਨੇ 10 ਸਾਲ ਲਗਾਤਾਰ ਪੰਜਾਬ ਵਿੱਚ ਰਾਜ ਕੀਤਾ ਅਤੇ ਆਪਣੇ ਵਰਕਰਾਂ ਅਤੇ ਆਪਣੇ ਆਗੂਆਂ ਨੂੰ ਖੂਬ ਰਜਾਇਆ।
ਪਾਰਟੀ ਦੇ ਉਹ ਵਰਕਰ ਜਿਨਾਂ ਨੂੰ ਕਦੇ ਪੇਂਡੂ ਅਨਪੜ ਕਿਹਾ ਜਾਂਦਾ ਸੀ, ਅਜਿਹੇ ਵਰਕਰਾਂ ਨੂੰ ਜਥੇਦਾਰੀਆਂ ਦਿੱਤੀਆਂ ਗਈਆਂ। ਜੋ ਬੰਦੇ ਸ਼ਾਇਦ ਆਪਣੇ ਦਮ ‘ਤੇ ਕਦੇ ਕੌਂਸਲਰ ਵੀ ਨਾ ਬਣ ਸਕਦੇ, ਅਜਿਹੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੇਅਰਮੈਨੀਆਂ ਅਤੇ ਪ੍ਰਧਾਨਗੀਆਂ ਦਿੱਤੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੀ ਜਿਨਾਂ ਲੋਕਾਂ ਨੇ ਆਪਣੇ ਘਰ ਭਰੇ, ਆਪਣੇ ਬੱਚੇ ਵਿਦੇਸ਼ਾਂ ਵਿੱਚ ਭੇਜੇ, ਸਰਕਾਰੀ ਜਮੀਨਾਂ ‘ਤੇ ਕਲੋਨੀਆਂ ਕੱਟੀਆਂ, ਇਥੋਂ ਤੱਕ ਕਿ ਪਾਰਟੀ ਫੰਡ ਦਾ ਵੀ ਖੂਬ ਮਨਚਾਹੇ ਢੰਗ ਨਾਲ ਇਸਤੇਮਾਲ ਕੀਤਾ ਉਹ ਲੋਕ ਅੱਜ ਪਾਰਟੀ ਨੂੰ ਅੱਖਾਂ ਦਿਖਾਉਣ ਲੱਗੇ ਹਨ।
ਅੱਜ ਸ਼੍ਰੋਮਣੀ ਅਕਾਲੀ ਦਲ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨਿਘਾਰ ਵੱਲ ਹੈ। ਪਾਰਟੀ ਵਿਧਾਨਸਭਾ ਚੋਣਾਂ ਅਤੇ ਲੋਕਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਜਿਸ ਤੋਂ ਬਾਅਦ ਅੱਜ ਉਹ ਲੋਕ ਜਿਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੈਰਾਂ ‘ਤੇ ਖੜਾ ਕੀਤਾ ਸੀ, ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਇਸਤੀਫਾ ਮੰਗਣ ਲੱਗੇ ਹਨ! ਇੰਨਾ ਹੀ ਨਹੀਂ ਪਾਰਟੀ ਦੇ ਫੈਸਲਿਆਂ ਤੇ ਵੀ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਵਧਦਿਆਂ ਹੋਇਆਂ ਕਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਾਦਲ ਸ਼ਬਦ ਹਟਾਉਣ ਦੀ ਵੀ ਮੰਗ ਕਰ ਦਿੱਤੀ ਹੈ।
ਪਾਰਟੀ ਦੇ ਵੱਡੇ ਲੀਡਰ ਅਜਿਹਾ ਕੁਝ ਕਰਨ ਤਾਂ ਸਮਝ ਵੀ ਲੱਗਦੀ ਹੈ ਪਰ ਛੋਟੇ ਲੈਵਲ ਦੇ ਲੀਡਰ ਵੀ ਪਾਰਟੀ ਨੂੰ ਇੰਝ ਅੱਖਾਂ ਦਿਖਾ ਰਹੇ ਹਨ, ਜਿਵੇਂ ਕਿ ਉਹਨਾਂ ਦੇ ਸਿਰ ‘ਤੇ ਹੀ ਸ਼੍ਰੋਮਣੀ ਅਕਾਲੀ ਦਲ ਖੜਾ ਹੋਇਆ ਅਤੇ 10 ਸਾਲ ਰਾਜ ਕਰਦਾ ਰਿਹਾ ਹੋਵੇ? ਜਦਕਿ ਅਸਲੀਅਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪੈਰਾਂ ‘ਤੇ ਖੜਾ ਕੀਤਾ, ਉਹਨਾਂ ਨੂੰ ਸਿਆਸੀ ਪਛਾਣ ਦਿੱਤੀ ਅਤੇ ਉਹਨਾਂ ਦੇ ਘਰ ਭਰੇ।
ਗੱਲ ਜੇਕਰ Jalandhar ਦੀ ਕਰੀਏ ਤੇ ਸੂਤਰਾਂ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਜੇਕਰ ਜਲੰਧਰ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਤਾਂ ਉਸ ਦਾ ਵੱਡਾ ਕਾਰਨ ਪਾਰਟੀ ਦੀ ਲੋਕਲ ਲੀਡਰਸ਼ਿਪ ਵੱਲੋਂ ਮਹਿੰਦਰ ਸਿੰਘ ਕੇਪੀ ਤੋਂ ਕਿਨਾਰਾ ਵੱਟਣਾ ਸੀ।
ਦੋ ਚਾਰ ਲੀਡਰਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੋਕਲ ਲੀਡਰਾਂ ਨੇ ਤਾਂ ਮਹਿੰਦਰ ਸਿੰਘ KP ਦੀਆਂ ਮੀਟਿੰਗਾਂ ਤੱਕ ਨਹੀਂ ਕਰਵਾਈਆਂ, ਨਾ ਹੀ ਪਾਰਟੀ ਦੇ ਹੱਕ ਵਿੱਚ ਖੁੱਲ ਕੇ ਪ੍ਰਚਾਰ ਕੀਤਾ। ਪੈਸਾ ਖਰਚਨਾ ਤਾਂ ਬਹੁਤ ਦੂਰ ਦੀ ਗੱਲ ਹੈ। ਕਈ ਲੀਡਰਾਂ ਨੇ ਆਪ ਹੀ ਆਪਣੀ ਪਾਰਟੀ ਨੂੰ ਭੰਡਿਆ ਅਤੇ ਅਜਿਹੇ ਕੰਮ ਕੀਤੇ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਲੋਕਾਂ ਅੰਦਰ ਨਰਾਜਗੀ ਪੈਦਾ ਹੋਵੇ।
ਉੱਤਰੀ ਹਲਕੇ ਦੇ ਅਜਿਹੇ ਹੀ ਇੱਕ ਲੀਡਰ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿੰਦੇ ਹੋਏ ਲੋਕਾਂ ਦੇ ਪਲਾਟਾਂ ‘ਤੇ ਕਬਜ਼ੇ ਕੀਤੇ , ਕਿਸੇ ਨੇ ਸਰਕਾਰੀ ਜਮੀਨਾਂ ‘ਤੇ ਕਲੋਨੀਆਂ ਕੱਟ ਕੱਟ ਵੇਚੀਆਂ!
ਇੱਕ ਲੰਮੇ ਪਿੰਡ ਵਾਲੇ ਡਿਫਾਲਟਰ ਨੇ ਤਾਂ ਪੱਤਰਕਾਰ ਭਾਈਚਾਰੇ ਨੂੰ ਵੀ ਨਹੀਂ ਬਖਸ਼ਿਆ। ਅਖਬਾਰਾਂ ਅਤੇ ਨਿਊਜ਼ ਪੋਰਟਲਾਂ ਵਿੱਚ ਇਸ਼ਤਿਹਾਰ ਲਗਵਾਉਣ ਤੋਂ ਬਾਅਦ ਪੱਤਰਕਾਰਾਂ ਦੇ ਪੈਸੇ ਤੱਕ ਨਹੀਂ ਦਿੱਤੇ। ਜਿਸ ਕਾਰਨ ਇਸ ਵਾਰ ਜਦੋਂ ਉਹ ਮਹਿੰਦਰ ਸਿੰਘ ਕੇਪੀ ਦੇ ਨਾਲ ਪ੍ਰਚਾਰ ਲਈ ਨਿਕਲਿਆ ਤਾਂ ਪੱਤਰਕਾਰਾਂ ਨੇ ਉਸ ਦਾ ਬਾਈਕਾਟ ਕੀਤਾ ਅਤੇ ਉਸਦੀਆਂ ਖਬਰਾਂ ਤੱਕ ਨਹੀਂ ਲਗਾਈਆਂ।
ਅਜਿਹੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਨ ‘ਤੇ ਸਭ ਦੀ ਨਜ਼ਰ ਟਿਕੀ ਹੈ ਕਿ ਕੀ ਹਾਈਕਮਾਨ ਅਜਿਹੇ ਪਾਰਟੀ ਦੇ ਗੱਦਾਰਾਂ ਖਿਲਾਫ ਸਖਤ ਐਕਸ਼ਨ ਲੈਂਦੀ ਹੈ ਜਾਂ ਫਿਰ ਬਾਦਲ ਪਰਿਵਾਰ ਆਪਣੀ ਹੀ ਪਾਰਟੀ ਵਿੱਚ ਬੈਠੀਆਂ ਕਾਲੀਆਂ ਭੇਡਾਂ ਨੂੰ ਪਾਰਟੀ ਦਾ ਨੁਕਸਾਨ ਕਰਨ ਲਈ ਖੁੱਲੀ ਛੂਟ ਦਿੰਦਾ ਹੈ।