
ਜੰਡਿਆਲਾ ਗੁਰੂ, 11 ਮਾਰਚ (ਕੰਵਲਜੀਤ ਸਿੰਘ) : ਜੰਡਿਆਲਾ ਗੁਰੂ,ਭਾਜਪਾ ਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਤੇ ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਨੇ ਕੇਂਦਰ ਸਰਕਾਰ ਵੱਲੋਂ ਸ਼੍ਰੀ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ ਨੂੰ ਦਿੱਤੀ ਗਈ ਪ੍ਰਵਾਨਗੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ ਤੱਕ 12.4 ਕਿਲੋਮੀਟਰ ਦੇ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਨਾਲ ਸੰਗਤਾਂ ਨੂੰ ਸਹੂਲਤ ਮਿਲੇਗੀ ਅਤੇ ਉਹਨਾਂ ਦੀ ਯਾਤਰਾ ਸੁਖਾਲੀ ਹੋਵੇਗੀ । ਕੇਂਦਰ ਵੱਲੋਂ ਮਨਜ਼ੂਰ ਕੀਤੇ ਪ੍ਰੋਜੈਕਟ ‘ਤੇ ਕੁੱਲ 2730.13 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵੇਲੇ ਸ਼ਰਧਾਲੂਆਂ ਨੂੰ ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ ਤੱਕ 21 ਕਿਲੋਮੀਟਰ ਦੀ ਯਾਤਰਾ ਕਰਨੀ ਪੈਂਦੀ ਹੈ ਜੋ ਕਾਫੀ ਔਕੜਾਂ ਭਰਪੂਰ ਹੈ ਤੇ ਕਈ ਘੰਟੇ ਲੱਗ ਜਾਂਦੇ ਹਨ। ਖਾਸ ਕਰ ਬਜ਼ੁਰਗ ਅਤੇ ਬੱਚਿਆਂ ਨੂੰ ਯਾਤਰਾ ਦੌਰਾਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਕੇਂਦਰ ਸਰਕਾਰ ਦੀ ਇਸ ਪਹਿਲ ਕਦਮੀ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੇ ਪੈਂਡੇ ਨੂੰ ਆਸਾਨ ਕੀਤਾ ਗਿਆ ਹੈ ।
ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਹਰਦੀਪ ਗਿੱਲ ਨੇ ਦੱਸਿਆ ਕਿ ਇਹ ਗੋਵਿੰਦਘਾਟ ਤੋਂ ਘੰਗਰੀਆ (10.55 ਕਿਲੋਮੀਟਰ) ਤੱਕ ਮੋਨੋਕੇਬਲ ਡੀਟੈਚੇਬਲ ਗੋਂਡੋਲਾ ‘ਤੇ ਅਧਾਰਤ ਹੋਵੇਗਾ। ਫਿਰ ਇਸਨੂੰ ਘੰਗਰੀਆ ਤੋਂ ਹੇਮਕੁੰਡ ਸਾਹਿਬ ਜੀ (1.85 ਕਿਲੋਮੀਟਰ) ਤੱਕ ਸਭ ਤੋਂ ਉੱਨਤ ਟ੍ਰਾਈਕੇਬਲ ਡੀਟੈਚੇਬਲ ਗੋਂਡੋਲਾ ਤਕਨਾਲੋਜੀ ਨਾਲ ਜੋੜਿਆ ਜਾਵੇਗਾ। ਹਰ ਘੰਟੇ 1,100 ਯਾਤਰੀ ਇੱਕ ਦਿਸ਼ਾ ਵਿੱਚ ਯਾਤਰਾ ਕਰ ਸਕਣਗੇ ਅਤੇ ਦਿਨ ਭਰ 11,000 ਯਾਤਰੀ ਯਾਤਰਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਸ਼੍ਰੀ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ, ਘੰਟਿਆਂ ਦੀ ਦੂਰੀ ਮਿੰਟਾਂ ਵਿੱਚ ਤੈਅ ਹੋ ਜਾਵੇਗੀ ਅਤੇ ਇਸ ਲਈ, ਕਿਸੇ ਨੂੰ ਪੈਦਲ ਔਖੀ ਪਹਾੜੀ ‘ਤੇ ਚੜ੍ਹਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੇ ਇਸਨੂੰ ਕਰਤਾਰਪੁਰ ਸਾਹਿਬ ਲਾਂਘੇ ਤੋਂ ਬਾਅਦ ਸਿੱਖ ਸ਼ਰਧਾਲੂਆਂ ਲਈ ਇੱਕ ਹੋਰ ਤੋਹਫ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਸਿੱਖਾਂ ਦੀ ਭਲਾਈ ਲਈ ਕੰਮ ਕੀਤਾ ਹੈ।
ਉਨ੍ਹਾਂ ਕੇਂਦਰ ਦੀ ਸਰਕਾਰ ਵੱਲੋਂ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ 84 ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਕਾਂਗਰਸ ਦੀਆਂ ਸਰਕਾਰਾਂ ਦੀ ਸਰਪਰਸਤੀ ਕਾਰਨ ਸਜ਼ਾ ਤੋਂ ਹੁਣ ਤੱਕ ਬਚਦੇ ਰਹੇ ਸਨ। 2014 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਨਵੀਂ ਐਸ.ਆਈ.ਟੀ ਦਾ ਗਠਨ ਹੋਇਆ ਅਤੇ ਲੰਬੀ ਕਾਨੂੰਨੀ ਕਾਰਵਾਈ ਮਗਰੋਂ 84 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਮਿਲਿਆ ਹੈ । ਉਹਨਾਂ ਕਿਹਾ ਕਾਂਗਰਸ ਨੇ ਇਹਨਾਂ ਦੋਸ਼ੀਆਂ ਨੂੰ ਬਚਾਉਣ ਅਤੇ ਸਰਕਾਰਾਂ ਵਿੱਚ ਇਨ੍ਹਾਂ ਆਗੂਆਂ ਨੂੰ ਵੱਡੇ – ਵੱਡੇ ਅਹੁਦੇ ਦੇ ਕੇ ਨਿਵਾਜਿਆ।