ਅੰਮ੍ਰਿਤਸਰ,11 ਮਈ (ਰਾਕੇਸ਼ ਨਈਅਰ) : ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ.ਸਰਚਾਂਦ ਸਿੰਘ ਖਿਆਲਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ’ਚ ਲਗਾਤਾਰ ਹੋ ਰਹੇ ਬੰਬ ਧਮਾਕਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਭੰਗ ਕਰਨ ’ਚ ਲੱਗੇ ਸ਼ਰਾਰਤੀ ਅਨਸਰਾਂ ’ਤੇ ਨਕੇਲ ਕੱਸਣ ਵਿਚ ਪੰਜਾਬ ਸਰਕਾਰ ਨਾਕਾਮ ਹੋ ਰਹੀ ਹੈ।ਉਨ੍ਹਾਂ ਇਸ ਧਮਾਕੇ ’ਚ ਸ਼ਾਮਿਲ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਸਖ਼ਤ ਸਜਾਵਾਂ ਦੇਣ ਤੋਂ ਇਲਾਵਾ ਇਸ ਸਾਜ਼ਿਸ਼ ਪਿੱਛੇ ਛੁਪੀਆਂ ਪੰਥ ਦੋਖੀ ਤਾਕਤਾਂ ਨੂੰ ਬੇਨਕਾਬ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।
ਪ੍ਰੋ.ਸਰਚਾਂਦ ਸਿੰਘ ਨੇ ਦੱਸਿਆ ਕਿ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ.ਇਕਬਾਲ ਸਿੰਘ ਲਾਲਪੁਰਾ ਪਹਿਲਾਂ ਹੀ ਇਸ ਚੁਨੌਤੀ ਨੂੰ ਗੰਭੀਰਤਾ ਨਾਲ ਲੈਣ ਲਈ ਸੂਬਾ ਸਰਕਾਰ ਦੇ ਮੁੱਖ ਮੰਤਰੀ ਨੂੰ ਕਹਿ ਚੁੱਕੇ ਹਨ। ਸਰਕਾਰ ਲਈ ਇਹ ਵੱਡੀ ਸ਼ਰਮ ਦੀ ਗੱਲ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ’ਚ ਨਾਕਾਮ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਸਭ ਤੋਂ ਪਵਿੱਤਰ ਤੇ ਸੁਰੱਖਿਅਤ ਸਥਾਨ ’ਤੇ ਪਿਛਲੇ 5 ਦਿਨਾਂ ’ਚ ਅੱਜ ਤੀਜਾ ਧਮਾਕਾ ਹੋ ਜਾਣਾ ਸਰਕਾਰ ਅਤੇ ਸਰਕਾਰੀ ਤੰਤਰ ਦੀ ਅਣਗਹਿਲੀ ਦਾ ਨਤੀਜਾ ਹੈ,ਅਜਿਹੇ ’ਚ ਪੰਜਾਬ ਸਰਕਾਰ ਅਤੇ ਇਸ ਦੀ ਕਾਬਲੀਅਤ ’ਤੇ ਹੁਣ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ?ਉਨ੍ਹਾਂ ਕਿਹਾ ਕਿ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਅਤੇ ਹਮਲਿਆਂ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਸੂਬਾ ਸਰਕਾਰ ਨੇ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਅਤੇ ਪਹਿਲੇ ਧਮਾਕੇ ਤੋਂ ਬਾਅਦ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ।ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਗਲਿਆਰੇ ’ਚ ਹੋਏ ਧਮਾਕਿਆਂ ਨਾਲ ਸਿੱਖ ਮਨਾਂ ’ਚ ਬੇਚੈਨੀ ਅਤੇ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ।ਸਿੱਖ ਪੰਥ ਦੀ ਹੋਂਦ ਹਸਤੀ ਸ੍ਰੀ ਦਰਬਾਰ ਸਾਹਿਬ ਨਾਲ ਵਾਬਸਤਾ ਹੋਣ ਕਾਰਨ,ਇਹ ਅਸਥਾਨ ਸਿੱਖ ਕੌਮ ਦਾ ਦਿਲ ਅਤੇ ਰੂਹ ਹੈ।ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਸਿੱਖ ਹਿਰਦਿਆਂ ’ਤੇ ਵਾਰ ਕੀਤਾ ਗਿਆ ਹੈ।
ਪ੍ਰੋ.ਸਰਚਾਂਦ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੀਆਂ ਚਾਰ ਸਦੀਆਂ ਤੋਂ ਕੀਰਤਨ ਪ੍ਰਵਾਹ ਰਾਹੀਂ ਗੁਰੂ ਜੱਸ ਗਾਇਆ ਜਾ ਰਿਹਾ ਹੈ।ਇਹ ਸਿੱਖ ਰਹੁ ਰੀਤੀ ਦਾ ਕੇਂਦਰੀ ਧੁਰਾ ਅਤੇ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਇੱਛਾ ਪੂਰਤੀ ਲਈ ਨਾ ਕੇਵਲ ਹਰੇਕ ਗੁਰਸਿੱਖ ਆਪਣੀ ਨਿੱਤ ਦੀ ਅਰਦਾਸ ਵਿਚ ਅਕਾਲ ਪੁਰਖ ਅੱਗੇ ਅਰਜੋਈ ਕਰਦਾ ਰਹਿੰਦਾ ਹੈ ਸਗੋਂ ਦੁਨੀਆ ਦੇ ਕੋਨੇ ਕੋਨੇ ‘ਚ ਵੱਸਦੇ ਧਾਰਮਿਕ ਬਿਰਤੀ ਵਾਲੇ ਮਨੁੱਖ ਨੂੰ ਵੀ ਇਹੀ ਤਾਂਘ ਹੈ,ਪਰ ਅਫ਼ਸੋਸ ਕਿ ਮੁੱਢ ਕਦੀਮ ਤੋਂ ਹੀ ਇਹ ਅਸਥਾਨ ਸਿੱਖ ਵਿਰੋਧੀ ਤਾਕਤਾਂ ਦੇ ਨਿਸ਼ਾਨੇ ’ਤੇ ਹੈ। ਸਿੱਖਾਂ ਨੂੰ ਇਸ ਰੂਹਾਨੀਅਤ ਦੇ ਕੇਂਦਰ ਨਾਲੋਂ ਤੋੜਨ ਲਈ ਸਿੱਖ ਵਿਰੋਧੀ ਤਾਕਤਾਂ ਸਦਾ ਯਤਨਸ਼ੀਲ ਰਹੀਆਂ ਹਨ।ਪ੍ਰੋ. ਸਰਚਾਂਦ ਸਿੰਘ ਨੇ ਡੂੰਘੀ ਚਿੰਤਾ ਜਤਾਉਂਦਿਆਂ ਕਿਹਾ ਕਿ ਇਹ ਧਮਾਕੇ ਦਹਿਸ਼ਤ ਪੈਦਾ ਕਰਨ ਅਤੇ ਮਾਹੌਲ ਨੂੰ ਖ਼ਰਾਬ ਕਰਨ ਤੋਂ ਇਲਾਵਾ ਪੰਜਾਬ ਦੇ ਭਾਈਚਾਰਿਆਂ ਵਿਚ ਗ਼ਲਤਫ਼ਹਿਮੀਆਂ ਤੇ ਨਫ਼ਰਤ ਪੈਦਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਵੀ ਹੋ ਸਕਦੇ ਹਨ,ਇਸ ਲਈ ਇਸ ਸਬੰਧੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਨੂੰ ਪਿਛਲੇ ਸਾਲ ਤੋਂ ਇੰਨੀਆਂ ਅਣਸੁਖਾਵੀਆਂ ਘਟਨਾਵਾਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ? ਕੀ ਪੁਲਿਸ ਅਤੇ ਸਰਕਾਰ ਇਨ੍ਹਾਂ ਵਾਰਦਾਤਾਂ ਨੂੰ ਵਾਪਰਨ ਤੋਂ ਪਹਿਲਾਂ ਰੋਕਣ ਦੇ ਸਮਰੱਥ ਨਹੀਂ ਹੈ?ਭਾਜਪਾ ਆਗੂ ਨੇ ਕਿਹਾ ਕਿ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਵਿਚ ਅਣਸੁਖਾਵੀਆਂ ਘਟਨਾਵਾਂ ਨਾਲ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦੀ ਨਾਕਾਮੀ ਤੋਂ ਬਾਅਦ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਪੁਖ਼ਤਾ ਸੁਰੱਖਿਆ ਵਿਵਸਥਾ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ’ਚ ਪਹਿਲਕਦਮੀ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਧਮਾਕਿਆਂ ਪਿੱਛੇ ਕਿਸੇ ਰਾਜਸੀ ਮਨੋਰਥ ਦੀ ਚਰਚਾ ’ਤੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਾ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।