ਤਰਨਤਾਰਨ/ਜਲੰਧਰ, 04 ਅਗਸਤ (ਰਾਕੇਸ਼ ਨਈਅਰ) : ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹੋਣ ਕਾਰਨ ਅਨੇਕਾਂ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ।ਹੜ੍ਹ ਉਪਰੰਤ ਜ਼ਿੰਦਗੀ ਨੂੰ ਆਮ ਵਾਂਗ ਕਰਨ ਲਈ ਹਰ ਕੋਈ ਸਿਰਤੋੜ ਯਤਨ ਕਰ ਰਿਹਾ ਹੈ।ਇਸ ਔਖੀ ਘੜੀ ਵੇਲੇ ਸਾਥ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਰਾਹਤ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਜਿਸ ਤਹਿਤ ਹੁਣ ਜਲੰਧਰ ਅਤੇ ਲੁਧਿਆਣੇ ਜਿਲ੍ਹੇ ਦੀ ਸੰਨ੍ਹ ਵਿੱਚ ਸਤਲੁਜ ਦਰਿਆ ਦੇ ਅੰਦਰ ਬੈਠੇ ਪਿੰਡ ਖੁਰਸੈਦਪੁਰ,ਛੋਅਲੇ,ਧਰਮ ਸਿੰਘ ਦੀਆਂ ਛੰਨਾਂ,ਵੇਹਰਾਂ ਦੇ ਹੜ ਪ੍ਰਭਾਵਿਤ ਲੋਕਾਂ ਨੂੰ ਟਰੱਸਟ ਦੇ ਬਾਨੀ ਡਾਕਟਰ ਐਸ.ਪੀ ਸਿੰਘ ਓਬਰਾਏ ਵੱਲੋਂ ਭੇਜੀ ਰਾਹਤ ਸਮੱਗਰੀ ਘਰ-ਘਰ ਜਾ ਕੇ ਵੰਡੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਗੁਰਨਾਮ ਸਿੰਘ ਅਤੇ ਮਾਸਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਡਾਕਟਰ ਓਬਰਾਏ ਵੱਲੋਂ ਵੱਡੇ ਪੱਧਰ ‘ਤੇ ਰਾਹਤ ਸਮੱਗਰੀ ਹੜ੍ਹ ਪੀੜਿਤਾਂ ਲਈ ਭੇਜੀ ਗਈ ਹੈ,ਜੋ ਸਾਡੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਤਕਸੀਮ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਪਸ਼ੂਆਂ ਦੀਆਂ ਦਵਾਈਆਂ, ਮੱਛਰਦਾਨੀਆਂ, ਆਡੋਮੋਸ ਅਤੇ ਸੈਨੇਟਰੀ ਪੈਡ ਦੀ ਵੰਡ ਕੀਤੀ ਗਈ ਹੈ।ਹੜ੍ਹ ਤੋਂ ਬਾਅਦ ਪੈਦਾ ਹੋਈ ਸਲਾਭ ਦੀ ਸਥਿਤੀ ਕਾਰਨ ਮੱਛਰ ਅਤੇ ਚਿੱਚੜ ਪਸ਼ੂਆਂ ਨੂੰ ਕੱਟ ਰਹੇ ਹਨ,ਜਿਸ ਕਾਰਨ ਪਸ਼ੂਆਂ ਨੂੰ ਬਹੁਤ ਸਮੱਸਿਆਵਾਂ ਆ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਪਸ਼ੂ ਹਸਪਤਾਲ ਮਹਿਤਪੁਰ ਤੋਂ ਰਮਨ ਕੁਮਾਰ ਫਾਰਮਾਸਿਸਟ ਅਤੇ ਹਰਜੀਤ ਸਿੰਘ ਵੈਟਰਨਰੀ ਇੰਸਪੈਕਟਰ ਨੇ ਸੇਵਾ ਕਰਦਿਆਂ ਸਾਰਾ ਦਿਨ ਵੱਖ-ਵੱਖ ਪਿੰਡਾਂ ਦੇ 125 ਘਰਾਂ ਦੇ ਲਗਭਗ 300 ਪਸ਼ੂਆਂ ਨੂੰ ਦਵਾਈਆਂ ਵੰਡੀਆਂ ਹਨ।
ਉਨ੍ਹਾਂ ਅਨੁਸਾਰ ਟੀਮ ਵੱਲੋਂ ਸਾਰੇ ਘਰਾਂ ਦੀਆਂ ਲਿਸਟਾਂ ਬਣਾ ਕੇ ਮੱਛਰਦਾਨੀਆਂ, ਆਡੋਮੋਸ, ਸੈਨੇਟਰੀ ਪੈਡ ਅਤੇ ਹੋਰ ਸਮੱਗਰੀ ਵੰਡੀ ਗਈ ਹੈ। ਇਸ ਮੌਕੇ ਪਿੰਡ ਨਿਵਾਸੀ ਮੁਖਤਿਆਰ ਸਿੰਘ ਮੈਂਬਰ ਪੰਚਾਇਤ,ਦਰਸ਼ਨ ਸਿੰਘ ਪਿੰਡ ਵੇਹਰਾਂ ਅਤੇ ਸੰਤੋਖ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਓਬਰਾਏ ਵੱਲੋਂ ਇਸ ਇਲਾਕੇ ਵਿੱਚ 332 ਕੁਇੰਟਲ ਪਸ਼ੂ ਚਾਰਾ ਅਤੇ 100 ਕਿੱਟ ਰਾਸ਼ਨ ਅਤੇ ਵੱਡੇ ਪੱਧਰ ‘ਤੇ ਹੋਰ ਰਾਹਤ ਸਮੱਗਰੀ ਭੇਜੀ ਗਈ ਹੈ, ਮੁਸ਼ਕਿਲ ਦੀ ਘੜੀ ਵਿੱਚ ਡਾਕਟਰ ਉਬਰਾਏ ਨੇ ਸਾਡੀ ਬਾਂਹ ਫੜੀ ਹੈ।ਇਸ ਲਈ ਅਸੀਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ।