ताज़ा खबरपंजाब

ਸਰਬਜੀਤ ਸਿੰਘ ਮੱਕੜ ਵੱਲੋਂ NRI ਭਰਾਵਾਂ ਨਾਲ ਕੀਤੀ ਧੋਖਾਧੜੀ ਅਦਾਲਤ ਵਿੱਚ ਸਾਬਤ ਹੋਈ, ਪਤਨੀ ਅਤੇ ਸਹੁਰੇ ਸਮੇਤ ਮੁਕੱਦਮੇ ਵਿੱਚ ਨਾਮਜ਼ਦ

ਜਲੰਧਰ, 18 ਅਪ੍ਰੈਲ (ਧਰਮਿੰਦਰ ਸੌਂਧੀ) : ਪਹਿਲਾਂ ਅਕਾਲੀ ਅਤੇ ਹੁਣ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਧੋਖਾਧੜੀ ਦੇ ਮਾਮਲਿਆਂ ਵਿੱਚ ਅਕਸਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਹੁਣ ਇੱਕ ਹੋਰ ਉਸ ਵੱਲੋਂ ਕੀਤੀ ਧੋਖਾਧੜੀ ਦਾ ਬਹੁਤ ਹੀ ਹਾਈਪ੍ਰੋਫਾਈਲ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚੱ ਸਰਬਜੀਤ ਸਿੰਘ ਮੱਕੜ, ਉਸ ਦੀ ਪਤਨੀ ਅਤੇ ਸਹੁਰੇ ਨੂੰ ਅਦਾਲਤੀ ਕੇਸ ਵਿੱਚ ਨਾਮਜ਼ਦ ਕਰਦਿਆਂ 6 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮੰਨ ਜਾਰੀ ਕੀਤੇ ਗਏ ਹਨ। ਸੂਚਨਾ ਅਨੁਸਾਰ ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਆਏ ਦੋ ਭਰਾਵਾਂ ਨੇ ਸਰਬਜੀਤ ਸਿੰਘ ਮੱਕੜ ਨਾਲ ਮੁਲਾਕਾਤ ਕਰਕੇ ਆਪਣੀ ਬਹੁਤ ਹੀ ਕੀਮਤੀ ਜ਼ਮੀਨ ਕਿਸੇ ਹੋਰ ਵਿਅਕਤੀ ਦੇ ਕਬਜ਼ੇ ’ਚੋਂ ਛੁਡਵਾਉਣ ਲਈ ਸਰਬਜੀਤ ਸਿੰਘ ਮੱਕੜ ਤੋਂ ਮਦਦ ਮੰਗੀ ਸੀ। ਮੱਦਦ ਕਰਨ ਦੌਰਾਨ ਸਰਬਜੀਤ ਸਿੰਘ ਮੱਕੜ ਦੀ ਨੀਅਤ ਵਿੱਚ ਫਰਕ ਆ ਗਿਆ ਅਤੇ ਉਸ ਨੇ ਗੁਰਮੇਲ ਸਿੰਘ, ਗੁਰਨੇਕ ਸਿੰਘ ਪੁੱਤਰਾਨ ਹਰਬੰਸ ਸਿੰਘ ਵਾਸੀ ਪਿੰਡ ਰਾਏਪੁਰ ਰਸੂਲਪੁਰ, ਤਹਿ ਅਤੇ ਜ਼ਿਲ੍ਹਾ ਜਲੰਧਰ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਕੇ ਉਨ੍ਹਾਂ ਕੋਲੋਂ ਜ਼ਮੀਨ ਖਾਲੀ ਕਰਵਾਉਣ ਦੀਆਂ ਪਾਵਰ ਆਫ ਅਟਾਰਨੀਆਂ ਲੈ ਲਈਆਂ ਅਤੇ ਕੁਝ ਖਾਲੀ ਅਤੇ ਅਸ਼ਟਾਮ ਪੇਪਰਾਂ ’ਤੇ ਦਸਤਖਤ ਕਰਵਾ ਲਏ।

ਸਰਬਜੀਤ ਸਿੰਘ ਮੱਕੜ ਨੇ ਆਪਣੇ ਦੋ ਪੀ.ਏ. ਦੇ ਨਾਮ ’ਤੇ ਲਈਆਂ ਗਈਆਂ ਪਾਵਰ ਆਫ ਅਟਾਰਨੀਆਂ ਦਾ ਗਲਤ ਇਸਤੇਮਾਲ ਨਾ ਕਰਨ ਦਾ ਭਰੋਸਾ ਦਿਵਾ ਕੇ ਕਿਹਾ ਕਿ ਉਸ ਨੂੰ ਭੱਠੇ ਦੀਆਂ ਇੱਟਾਂ ਵਾਸਤੇ ਮਿੱਟੀ ਚਾਹੀਦੀ ਹੈ। ਇਸ ਲਈ ਜਦੋਂ ਮਿੱਟੀ ਪੁੱਟੀ ਜਾਵੇਗੀ ਤਾਂ ਖਾਲੀ ਪੇਪਰਾਂ ’ਤੇ ਲਿਖਤ ਪੜ੍ਹਤ ਕਰ ਲਈ ਜਾਵੇਗੀ ਅਤੇ ਅਟਾਰਨੀਆਂ ਨਾਲ ਜ਼ਮੀਨ ਖਾਲੀ ਕਰਵਾਉਣ ਲਈ ਕਾਨੂੰਨੀ ਕਾਰਵਾਈ ਕਰ ਲਈ ਜਾਵੇਗੀ। ਪਰ ਸਰਬਜੀਤ ਸਿੰਘ ਮੱਕੜ ਦੀ ਨੀਅਤ ਕੁਝ ਹੋਰ ਸੀ। ਉਸ ਨੇ ਆਪਣੇ ਪੀ.ਏ. ਅਤੇ ਹੋਰ ਲੋਕਾਂ ਨਾਲ ਮਿਲ ਕੇ ਪਾਵਰ ਆਫ ਅਟਾਰਨੀਆਂ ਦਾ ਗਲਤ ਇਸਤੇਮਾਲ ਕਰਕੇ ਐਨ.ਆਰ.ਆਈ. ਭਰਾਵਾਂ ਜੋ ਇੰਗਲੈਂਡ ਵਿੱਚ ਰਹਿੰਦੇ ਹਨ ਦੀ ਬਹੁਤ ਹੀ ਕੀਮਤੀ ਜ਼ਮੀਨ ਆਪਣੇ ਸਹੁਰੇ ਦੇ ਨਾਮ ਕਰਵਾ ਲਈ ਅਤੇ ਫਿਰ ਉਹ ਜ਼ਮੀਨ ਆਪਣੀ ਪਤਨੀ ਦੇ ਨਾਮ ਕਰਵਾ ਲਈ। ਜੋ ਪੈਸੇ ਮਿੱਟੀ ਪੁੱਟਣ ਦੇ ਦਿੱਤੇ ਸਨ, ਉਹ ਰਜਿਸਟਰੀਆਂ ਕਰਵਾਉਣ ਲਈ ਵਿਖਾ ਦਿੱਤੇ ਅਤੇ ਕੁਝ ਹੋਰ ਪੈਸੇ ਦੇਣ ਦੇ ਜਾਅਲੀ ਬਿਆਨੇ ਤਿਆਰ ਕਰਵਾ ਲਏ। ਜਾਅਲਸਾਜੀ ਦੀ ਹੱਦ ਉਦੋਂ ਮੁਕ ਗਈ ਜਦੋਂ ਬਿਆਨਾਂ ਜਾਅਲੀ ਸਾਬਤ ਹੋਣ ਤੇ ਅਸ਼ਟਾਮ ਫਰੋਸ਼ ਨਾਲ ਮਿਲੀਭੁਗਤ ਕਰਕੇ ਅਸ਼ਟਾਮ ਰਜਿਸਟਰ ਵਿੱਚ ਵੀ ਛੇੜ ਛਾੜ ਕਰ ਲੲੀ।ਜਦੋਂ ਐਨ.ਆਰ.ਆਈ. ਭਰਾਵਾਂ ਨੇ ਪਤਾ ਲੱਗਣ ’ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਇੱਕ ਤੋਂ ਬਾਅਦ ਇੱਕ ਬਹੁਤ ਸਾਰੀਆਂ ਸਿੱਟਾਂ ਉੱਚ ਅਫ਼ਸਰਾਂ ਦੀਆਂ ਬਣੀਆਂ, ਇਥੋਂ ਤੱਕ ਕਿ ਏ ਡੀ ਜੀ ਪੀ ਰੈਂਕ ਦੇ ਕਈ ਅਧਿਕਾਰੀਆਂ, ਡਾਇਰੇਕਟਰ ਬੀਉਰੋ ਆਫ ਇੰਨਵੈਸਟੀਗੇਸ਼ਨ ਅਤੇ ਜਾਇਂਟ ਡਾਇਰੇਕਟਰ ਪ੍ਰਾਸੀਕਿਊਸ਼ਨ ਨੇ ਵੀ ਦੋਸ਼ੀਆਂ ਖਿਲਾਫ ਆਪਣੀਆਂ ਰਿਪੋਰਟਾਂ ਦਿੱਤੀਆਂ। ਬਹੁਤ ਲੰਬੇ ਸਮੇਂ ਬਾਅਦ ਮੁਕੱਦਮਾ ਦਰਜ ਹੋਇਆ। ਫਿਰ ਮੁਕੱਦਮਾ ਨੰਬਰ 01-ਮਿਤੀ 5-1-2018 ਥਾਣਾ ਐਨ.ਆਰ.ਆਈ. ਰੂਰਲ ਜਲੰਧਰ ਵਿੱਚ ਸਰਬਜੀਤ ਸਿੰਘ ਮੱਕੜ ਅਤੇ ਇਸ ਦੇ ਸਾਥੀਆਂ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ। ਸਰਬਜੀਤ ਸਿੰਘ ਮੱਕੜ ਨੇ ਇਹ ਆਪਣੀ ਉਚੀ ਪਹੁੰਚ ਨਾਲ ਆਪਣਾ ਅਤੇ ਹੋਰ ਸਾਥੀਆਂ ਦਾ ਨਾਮ ਮੁਕੱਦਮੇ ਵਿੱਚੋਂ ਕਢਵਾ ਲਿਆ। ਅਦਾਲਤ ਵਿੱਚ ਚਲਾਨ ਪੇਸ਼ ਹੋਣ ਤੋਂ ਬਾਅਦ ਗੁਰਮੇਲ ਸਿੰਘ ਵਗੈਰਾ ਦੇ ਅਟਾਰਨੀ ਨੇ ਅਦਾਲਤ ਵਿੱਚ ਦਰਖਾਸਤ ਦਿੱਤੀ, ਜਿਸ ਵਿੱਚ ਲੰਬੀ ਚੱਲੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਅਤੇ ਗੁਰਮੇਲ ਸਿੰਘ ਹੋਰਾਂ ਦੇ ਕਾਬਲ ਵਕੀਲ ਅਨੂਪ ਗੌਤਮ ਨੇ ਜ਼ੋਰਦਾਰ ਤਰੀਕੇ ਨਾਲ ਗੁਰਮੇਲ ਸਿੰਘ ਵਗੈਰਾ ਦਾ ਪੱਖ ਪੇਸ਼ ਕੀਤਾ। ਅਦਾਲਤ ਨੇ ਸਰਬਜੀਤ ਸਿੰਘ ਮੱਕੜ, ਉਸ ਦੀ ਪਤਨੀ, ਸਹੁਰੇ, ਪੀ.ਏ. ਅਤੇ ਇੱਕ ਹੋਰ ਨੂੰ ਕੇਸ ਵਿੱਚ ਨਾਮਜ਼ਦ ਕਰਦਿਆਂ 6 ਮਈ ਨੂੰ ਸੁਧੀਰ ਕੁਮਾਰ ਪੀ. ਸੀ. ਐਸ.ਜੂਡੀਸ਼ੀਅਲ ਮੈਜਿਸਟਰੇਟ, ਫਸਟ ਕਲਾਸ, (ਐਨਆਰਆਈ ਕੋਰਟ) ਵਿੱਚ ਪੇਸ਼ ਹੋਣ ਲਈ ਸੰਮੰਨ ਜਾਰੀ ਕੀਤੇ ਹਨ।

Related Articles

Leave a Reply

Your email address will not be published.

Back to top button