ਜਲੰਧਰ, 27 ਫਰਵਰੀ (ਬਯੂਰੋ) :- ਨਿੱਜੀ ਵਾਹਨ ਚਾਲਕਾਂ ਨੂੰ ਸਰਕਾਰ ਨੇ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਰਾਜ ਵਿੱਚ ਨਿੱਜੀ ਵਾਹਨਾਂ ਲਈ ਟੋਲ ਟੈਕਸ ਮਾਫ ਕਰਨ ਦਾ ਫੈਸਲਾ ਕੀਤਾ ਹੈ ਤੇ ਹੁਣ ਐੱਮ.ਪੀ. ਵਿੱਚ ਸਿਰਫ਼ ਕਮਰਸ਼ੀਅਲ ਵਾਹਨਾਂ ਤੋਂ ਹੀ ਟੋਲ ਵਸੂਲਿਆ ਜਾਵੇਗਾ। ਇਸ ਫੈਸਲੇ ਤੋਂ ਬਾਅਦ ਹੁਣ ਨਿੱਜੀ ਵਾਹਨ ਬਿਨਾਂ ਟੋਲ ਚੁਕਾਏ ਬੂਥ ਤੋਂ ਅੱਗੇ ਵੱਧ ਸਕਣਗੇ।
ਰਾਜ ਸਰਕਾਰ ਨੇ ਟੋਲ ਟੈਕਸ ਨਾਲ ਜੁੜੀ ਪਾਲਿਸੀ ਵਿੱਚ ਬਦਲਾਅ ਤੋਂ ਬਾਅਦ ਇਹ ਫੈਸਲਾ ਸੁਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਸਰਕਾਰ ਨੇ ਰਾਜ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਵੇਖਦੇ ਹੋਏ ਜਨਤਾ ਨੂੰ ਇਹ ਫਾਇਦਾ ਪਹੁੰਚਾਇਆ ਹੈ।
ਅਜਿਹੇ ਵਿੱਚ ਸਾਰੇ ਵਾਹਨ ਜਿਨ੍ਹਾਂ ਦਾ ਇਸਤੇਮਾਲ ਬਤੌਰ ਕਮਰਸ਼ੀਅਲ ਵਾਹਨ ਨਹੀਂ ਹੁੰਦਾ ਹੈ, ਉਹ ਟੋਲ ਟੈਕਸ ਵਿੱਚ ਰਿਵਾਇਤ ਦੇ ਦਾਇਰੇ ਵਿੱਚ ਆਉਂਦੇ ਹਨ। ਰਾਜ ਦੇ ਸੜਕ ਵਿਕਾਸ ਨਿਗਮ ਵੱਲੋਂ ਹਾਲ ਹੀ ਵਿੱਚ ਇਸ ਨੀਤੀ ਵਿੱਚ ਬਦਲਾਅ ਕੀਤਾ ਹੈ ਤੇ ਆਪ੍ਰੇਟ ਐਂਡ ਟਰਾਂਸਫਰ ਅਧੀਨ ਬਣਾਈਆਂ ਗਈਆਂ ਸਾਰੀਆਂ ਸੜਕਾਂ ‘ਤੇ ਹੁਣ ਟੋਲ ਨਹੀਂ ਲੱਗੇਗਾ।
ਬਿਲਡ ਆਪ੍ਰੇਟ ਐਂਡ ਟਰਾਂਸਪੋਰਟ ਨੀਤੀ ਅਧੀਨ ਏਜੰਸੀਆਂ ਸੜਕ ਬਣਾਉਂਦੀਆਂ ਹਨ ਤੇ ਇਸ ਦੇ ਲਈ ਟੋਲ ਵਸੂਲਦੀਆਂ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਇਨ੍ਹਾਂ ਏਜੰਸੀਆਂ ਨੂੰ ਸੌਖੀਆਂ ਕਿਸ਼ਤਾਂ ਵਿੱਚ ਸੜਕ ਨਿਰਮਾਣ ਦੀ ਰਕਮ ਚੁਕਾਉਂਦੀ ਹੈ। ਸਰਕਾਰ ਇਨ੍ਹਾਂ ਦੋਹਾਂ ਤਰ੍ਹਾਂ ਦੀਆਂ ਸੜਕਾਂ ‘ਤੇ ਨਿੱਜੀ ਵਾਹਨ ਚਾਲਕਾਂ ਤੋਂ ਟੈਕਸ ਨਹੀਂ ਵਸੂਲੇਗੀ।