ਜੰਡਿਆਲਾ ਗੁਰੂ, 11 ਜਨਵਰੀ (ਕੰਵਲਜੀਤ ਸਿੰਘ) : ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਤੇ ਜਿਲਾ੍ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਦੇ ਤਹਿਤ ਹਰ ਸੋਮਵਾਰ ਕੇਲੇ ਅਤੇ ਬੁੱਧਵਾਰ ਬੱਚਿਆਂ ਨੂੰ ਪੂੜੀਆਂ ਖਵਾਉਣ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਕਿਸੇ ਵੀ ਪੱਖ ਤੋ ਤਰਕ ਸੰਗਤ ਨਹੀਂ ਹਨ। ਇਸ ਸਬੰਧੀ ਜਾਣਕਾਰੀ ਦੇਂਦਿਆਂ ਈਟੀਯੂ ਦੇ ਸੂਬਾਈ ਆਗੂ ਸਰਬਜੀਤ ਸਿੰਘ ਖਡੂਰ ਸਾਹਿਬ, ਮਨਿੰਦਰ ਸਿੰਘ ਤਰਨ ਤਾਰਨ, ਦਲਜੀਤ ਸਿੰਘ ਲਹੌਰੀਆ, ਹਰਪਿੰਦਰ ਸਿੰਘ, ਗੁਰਬੀਰ ਸਿੰਘ ਦਦੇਹਰ ਸਾਹਿਬ, ਮਨਜੀਤ ਸਿੰਘ ਪਾਰਸ, ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ, ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਧਾਮੀ ਅਤੇ ਜਿਲਾ੍ ਪ੍ਰੈਸ ਸਕੱਤਰ ਅਮਰਜੀਤ ਸਿੰਘ ਬੁੱਗਾ ਜੀ ਜੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਮੌਜੂਦਾ ਦਿਲ, ਜਿਗਰ ਦੀਆਂ ਹੋ ਰਹੀਆਂ ਬੀਮਾਰੀਆਂ ਅਨੁਸਾਰ ਬੱਚਿਆਂ ਨੂੰ ਪੂੜੀਆਂ ਖਵਾਉਣਾ ਤਰਕ ਸੰਗਤ ਨਹੀਂ ਹੈ ਕਿਉਂਕਿ ਪੂੜੀਆਂ ਵਿੱਚ ਕੋਈ ਵੀ ਖੁਰਾਕੀ ਤੱਤ ਨਹੀਂ ਹਨ ਉਲਟਾ ਮਨੁੱਖੀ ਸਿਹਤ ਦਾ ਨੁਕਸਾਨ ਜਰੂਰ ਕਰਦੀਆਂ ਹਨ।
ਇਸ ਦੇ ਨਾਲ ਹੀ ਸਕੂਲਾਂ ਵਿੱਚ ਮੌਜੂਦ ਕੁੱਕਾਂ ਦੀ ਗਿਣਤੀ ਅਨੁਸਾਰ ਵੀ ਹਾਜ਼ਰ ਬੱਚਿਆਂ ਲਈ ਗਰਮਾ ਗਰਮ ਪੂੜੀਆਂ ਵਰਤਾਉਣ ਵੀ ਅਸੰਭਵ ਕਾਰਜ ਹੈ। ਇਸ ਦੇ ਨਾਲ ਹੀ ਮਿਲਦੀ ਮੌਜੂਦਾ ਕੁਕਿੰਗ ਰਾਸ਼ੀ ਵਿੱਚ ਵੀ ਪੂੜੀਆਂ ਬਣਾਉਣੀਆਂ ਅਸੰਭਵ ਹਨ ਨਾ ਹੀ ਸਕੂਲਾਂ ਵਿੱਚ ਇਸ ਸੰਬੰਧੀ ਭਾਂਡੇ ਹਨ। ਹਰ ਸਕੂਲ ਦੇ ਲਾਗੇ ਫਰੂਟ ਵਾਲੇ ਉਪਲੱਬਧ ਨਹੀਂ ਹੁੰਦੇ ਇਸ ਲਈ ਕੇਲਿਆਂ/ਫਲਾਂ ਦਾ ਪ੍ਰਬੰਧ ਕਰਨਾ ਵੀ ਸੌਖਾ ਨਹੀਂ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਇਹਨਾਂ ਹਦਾਇਤਾਂ ਨੂੰ ਸੋਧ ਕੇ ਛੋਲਿਆਂ ਦੇ ਨਾਲ ਰੋਟੀ ਦਾ ਉਪਬੰਧ ਕਰੇ ਤਾਂ ਜੋ ਬੱਚਿਆਂ ਦੀ ਸਿਹਤ ਚੰਗੀ ਬਣੀ ਰਹੇ। ਜੇਕਰ ਸਰਕਾਰ ਫਿਰ ਵੀ ਬੱਚਿਆਂ ਦੇ ਸਵਾਦ ਨੂੰ ਮੁੱਖ ਰੱਖਦੇ ਅਤੇ ਵੱਖ ਵੱਖ ਤਰਾਂ ਦੇ ਭੋਜਨ ਕਰਵਾਉਣਾ ਚਾਹੁੰਦੀ ਹੈ ਤਾਂ ਇਸ ਲਈ ਅਗਾਂਹੂ ਬਣਦੇ ਫੰਡ ਅਤੇ ਬਾਕੀ ਸਾਜੋ ਸਮਾਨ ਦਾ ਪ੍ਰਬੰਧ ਕਰੇ। ਆਗੂਆਂ ਨੇ ਕਿਹਾ ਕਿ ਅਧਿਆਪਕ ਪਹਿਲਾਂ ਹੀ ਬਹੁਤ ਇਮਾਨਦਾਰੀ ਅਤੇ ਤਹਿ ਦਿਲੋਂ ਬੱਚਿਆਂ ਨੂੰ ਮਿਡ ਡੇ ਮੀਲ ਦਾ ਪ੍ਰਬੰਧ ਕਰਦੇ ਹਨ ਤਾਂ ਜੋ ਬੱਚਿਆਂ ਨੂੰ ਗੁਣਕਾਰੀ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਭੋਜਨ ਦਿੱਤਾ ਜਾਵੇ। ਅਧਿਆਪਕ ਤਾਂ ਪਹਿਲਾਂ ਹੀ ਤਰਾਂ ਤਰਾਂ ਦੇ ਕੰਮਾਂ ਨੂੰ ਕਰਨ ਕਰਕੇ ਇੱਕ ਕਲਰਕ ਬਣ ਕੇ ਰਹਿ ਗਏ ਹਨ ਬਹੁਤ ਵਧੀਆ ਹੋਵੇਗਾ ਕਿ ਸਰਕਾਰ ਮਿਡ ਡੇ ਮੀਲ ਦੀ ਵੰਨ ਸੁਵੰਨਤਾ ਪ੍ਰਦਾਨ ਲਈ ਵੱਖਰਾ ਵਿਭਾਗ ਬਣਾ ਦੇਵੇ ਜੋ ਸਾਰੀ ਖਰੀਦ, ਸਕੂਲ ਤੱਕ ਪਹੁੰਚ ਅਤੇ ਰਿਕਾਰਡ ਵੀ ਤਿਆਰ ਕਰੇ ਅਤੇ ਅਧਿਆਪਕ ਕੋਲੋ ਕੇਵਲ ਅਧਿਆਪਨ ਕਰਵਾਇਆ ਜਾਏ ਜਿਸ ਦੀ ਉਹ ਤਨਖਾਹ ਲੈਂਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲੋਕ ਪ੍ਰਧਾਨ ਮਨਜੀਤ ਸਿੰਘ ਚੋਹਲਾ ਸਾਹਿਬ, ਰਜਿੰਦਰ ਸਿੰਘ ਭਿੱਖੀਵਿੰਡ, ਸੁਖਚੈਨ ਸਿੰਘ ਖਡੂਰ ਸਾਹਿਬ, ਗੁਰਲਵ ਦੀਪ ਸਿੰਘ ਤਰਨ ਤਾਰਨ, ਸਤਨਾਮ ਸਿੰਘ ਤਰਨ ਤਾਰਨ, ਇੰਦਰਜੀਤ ਸਿੰਘ ਨੁਸ਼ਹਿਰਾ ਪੰਨੂਆ, ਅਰਵਿੰਦਰ ਸਿੰਘ ਐਰੀ ਗੰਡੀ ਵਿੰਡ ਅਤੇ ਜਿਲ੍ਹਾ ਕਮੇਟੀ ਮੈਬਰ ਹਾਜਿਰ ਸਨ।