ताज़ा खबरपंजाब

ਸਰਕਾਰੀ ਐਲੀ.ਸਕੂਲ (ਕੰਨਿਆਂ) ਸਰਹਾਲੀ ਬਣਿਆ ਖਿੱਚ ਦਾ ਕੇਂਦਰ, ਸਕੂਲ ਮੁਖੀ ਅਤੇ ਅਧਿਆਪਕਾਂ ਦੀ ਮਿਹਨਤ ਲਿਆਈ ਰੰਗ, ਸਕੂਲ ਦੇ ਵਧੀਆ ਨਤੀਜਿਆਂ ਸਦਕਾ ਦਾਖਲੇ ਵਿੱਚ ਲਗਾਤਾਰ ਹੋ ਰਿਹਾ ਵਾਧਾ

ਚੋਹਲਾ ਸਾਹਿਬ/ਤਰਨਤਾਰਨ,11 ਦਸੰਬਰ (ਰਾਕੇਸ਼ ਨਈਅਰ): ਹਨੇਰਿਆਂ ਵਿੱਚ ਮਸ਼ਾਲ ਜਗਾਉਣ ਵਾਲਾ ਅਧਿਆਪਕ ਜਦੋਂ ਆਪਣੀ ਮਿਹਨਤ ਕਰਦਾ ਹੈ ਤਾਂ ਉਹ ਧਰਤੀ ਤੇ ਵੀ ਸਵਰਗ ਦਾ ਅਹਿਸਾਸ ਕਰਵਾ ਦਿੰਦਾ ਹੈ।ਅਜਿਹਾ ਹੀ ਕੁਝ ਨਿਵੇਕਲਾ ਕਰ ਦਿਖਾਇਆ ਹੈ ਸਰਕਾਰੀ ਐਲੀਮੈਂਟਰੀ ਸਕੂਲ (ਕੰਨਿਆਂ) ਸਰਹਾਲੀ ਕਲਾਂ,ਬਲਾਕ ਚੋਹਲਾ ਸਾਹਿਬ ਦੀ ਮਿਹਨਤੀ,ਇਮਾਨਦਾਰ, ਸਿਰੜੀ ਅਤੇ ਮਜ਼ਬੂਤ ਇਰਾਦਿਆਂ ਦੀ ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਗਿੱਲ ਅਤੇ ਉਹਨਾਂ ਦੇ ਮਿਹਨਤੀ ਸਟਾਫ ਨੇ।ਜਿੰਨਾ ਨੇ ਸਕੂਲ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਜਦੋਂ 2019 ਵਿੱਚ ਬਤੌਰ ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਗਿੱਲ ਨੇਇਸ ਸਕੂਲ ਦਾ ਚਾਰਜ ਸੰਭਾਲਿਆ ਤਾਂ ਸਕੂਲ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਸੀ, ਪ੍ਰੰਤੂ ਉਹਨਾਂ ਦੀ ਆਪਣੀ ਦੂਰ ਅੰਦੇਸ਼ੀ,ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ ਦੇ ਉਤਸ਼ਾਹ ਅਤੇ ਸਮਾਰਟ ਸਕੂਲ ਕੋਆਰਡੀਨੇਟਰ ਅਮਨਦੀਪ ਸਿੰਘ ਦੇ ਪੂਰਨ ਸਹਿਯੋਗ ਅਤੇ ਦਿਸ਼ਾ ਨਿਰਦੇਸ਼ਾਂ ਨਾਲ ਸਕੂਲ ਦੇ ਹਰੇਕ ਕੋਨੇ ਨੂੰ ਰੁਸ਼ਨਾ ਦਿੱਤਾ।

ਸਕੂਲ ਦੇ ਅਧਿਆਪਕ ਮੇਜਰ ਸਿੰਘ ਈਟੀਟੀ,ਮੈਡਮ ਅੰਜੂ ਬਾਲਾ ਈਟੀਟੀ,ਮੈਡਮ ਬਲਜਿੰਦਰ ਕੌਰ ਸਿੱਖਿਆ ਪ੍ਰੋਵਾਈਡਰ ਅਤੇ ਗੁਰਮੀਤ ਕੌਰ ਐਸਟੀਆਰ ਨੇ ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਗਿੱਲ ਨਾਲ ਮਿਲ ਕੇ ਸਕੂਲ ਦੇ ਹਰੇਕ ਕੋਨੇ ਨੂੰ ਰੁਸ਼ਨਾਉਣ ਵਿਚ ਦਿਨ ਰਾਤ ਇੱਕ ਕੀਤਾ।ਅੱਜ ਸਕੂਲ ਵਿਚ ਬਣੀਆਂ ਸੁੰਦਰ ਪਾਰਕਾਂ,ਸ਼ਾਨਦਾਰ ਕਮਰੇ, ਕਲਰ ਕੋਡਿੰਗ,ਸੁੰਦਰ ਗੇਟ,ਬਿਹਤਰੀਨ ਫਰਨੀਚਰ,ਇੰਟਰਲਾਕਿੰਗ ਟਾਇਲਜ਼ ਅਤੇ ਵਰਾਂਡੇ ਵਿੱਚ ਲੱਗੀਆਂ ਸ਼ਾਨਦਾਰ ਟਾਇਲਾਂ ਸਕੂਲ ਨੂੰ ਸਹਿਜੇ ਹੀ ਆਧੁਨਿਕ ਸਕੂਲ ਦਾ ਦਰਜਾ ਦਿੰਦੀਆਂ ਹਨ।ਸਕੂਲ ਦੀ ਜੇਕਰ ਪੜਾਈ ਦੀ ਗੱਲ ਕਰੀਏ ਤਾਂ ਪਿਛਲੇ ਸਾਲਾਂ ਦੇ ਬਿਹਤਰੀਨ ਨਤੀਜਿਆਂ ਸਦਕਾ ਸਕੂਲ ਦੇ ਦਾਖਲੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ 158 ਤੋਂ ਵੱਧ ਕੇ 279 ਤੱਕ ਪਹੁੰਚ ਗਈ ਹੈ।

ਸਕੂਲ ਵਿੱਚ ਪੰਜਾਬੀ,ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਵਿੱਚ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ।ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਾਤ ਭਾਸ਼ਾ ਵਿਚ ਮੁਹਾਰਤ ਹਾਸਿਲ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰਵਾਏ ਜਾਂਦੇ ਹਨ।ਇਸਦੇ ਨਾਲ ਹੀ ਇੰਗਲਿਸ਼ ਸਪੀਕਿੰਗ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।ਸਕੂਲ ਦੇ ਵਿਦਿਆਰਥੀ ਜਲੰਧਰ ਦੂਰਦਰਸ਼ਨ ‘ਤੇ ਵੀ ਆਪਣਾ ਪ੍ਰੋਗਰਾਮ ਦੇਣ ਦੇ ਨਾਲ-ਨਾਲ ਕਲੱਸਟਰ,ਬਲਾਕ ਅਤੇ ਜ਼ਿਲ੍ਹਾ ਪੱਧਰੀ ਹਰੇਕ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।ਸਕੂਲ ਦੇ ਕੁੱਕ ਸ੍ਰੀਮਤੀ ਗੁਰਮੀਤ ਕੌਰ,ਸ੍ਰੀਮਤੀ ਰਣਜੀਤ ਕੌਰ,ਸ੍ਰੀਮਤੀ ਰਾਜਬੀਰ ਕੌਰ ਅਤੇ ਰਾਜਵਿੰਦਰ ਕੌਰ ਵਿਦਿਆਰਥੀਆਂ ਲਈ ਪੌਸ਼ਟਿਕ ਖਾਣਾ ਪਕਾਉਣ ਦੇ ਨਾਲ ਨਾਲ ਸਕੂਲ ਨੂੰ ਹਰੇਕ ਪੱਖ ਤੋਂ ਸੁੰਦਰ ਬਣਾਉਣ ਲਈ ਹਮੇਸ਼ਾਂ ਤਤਪਰ ਰਹਿੰਦੀਆਂ ਹਨ।ਸੈਂਟਰ ਹੈਡ ਟੀਚਰ ਰਛਪਾਲ ਸਿੰਘ ਨੇ ਦੱਸਿਆ ਕਿ ਸਕੂਲ ਨੇ ਪਿਛਲੇ ਥੋੜੇ ਸਮੇਂ ਵਿੱਚ ਹੀ ਬਹੁਤ ਤਰੱਕੀ ਕੀਤੀ ਹੈ ਅਤੇ ਇਸ ਸਭ ਦਾ ਸਿਹਰਾ ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਗਿੱਲ ਅਤੇ ਉਹਨਾਂ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ।ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸੱਚਮੁੱਚ ਹੀ ਮੈਡਮ ਪਰਮਿੰਦਰ ਕੌਰ ਵਧਾਈ ਦੇ ਪਾਤਰ ਹਨ ਜਿੰਨਾ ਦੀ ਮਿਹਨਤ ਸਦਕਾ ਸਕੂਲ ਇਸ ਸਮੇਂ ਬੁਲੰਦੀਆਂ ਨੂੰ ਛੋਹ ਰਿਹਾ ਹੈ ਅਤੇ ਭਵਿੱਖ ਵਿਚ ਸਕੂਲ ਆਪਣੀ ਨਿਵੇਕਲੀ ਪਹਿਲਕਦਮੀ ਨਾਲ ਪੰਜਾਬ ਭਰ ਵਿਚ ਪ੍ਰਸਿੱਧੀ ਹਾਸਲ ਕਰੇਗਾ।ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਨੂੰ ਫੇਸਬੁੱਕ ‘ਤੇ ਸ਼ੇਅਰ ਕਰਨਾ ਵੀ ਬੜੇ ਹੀ ਮਾਣ ਵਾਲੀ ਗੱਲ ਹੈ।ਇਸ ਤੋਂ ਪਹਿਲਾਂ ਵੀ ਬਲਾਕ ਚੋਹਲਾ ਸਾਹਿਬ ਦੇ 8 ਸਕੂਲ ਸਮਾਰਟ ਸਕੂਲਾਂ ਦੀ ਸ਼੍ਰੇਣੀ ਵਿਚ ਸਿੱਖਿਆ ਵਿਭਾਗ ਵੱਲੋਂ ਸ਼ੇਅਰ ਕੀਤੇ ਜਾ ਚੁੱਕੇ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਜਗਵਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਪਰਮਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਬਿਹਤਰੀਨ ਸਕੂਲਾਂ ਦਾ ਸਿੱਖਿਆ ਵਿਭਾਗ ਵੱਲੋਂ ਸ਼ੇਅਰ ਕੀਤਾ ਜਾਣਾ ਬੜੇ ਹੀ ਮਾਣ ਵਾਲੀ ਗੱਲ ਹੈ।ਉਹਨਾਂ ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਗਿੱਲ,ਸਮੂਹ ਸਟਾਫ,ਸੈਂਟਰ ਹੈਡ ਟੀਚਰ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਹੀ ਅਜਿਹੀਆਂ ਪ੍ਰਾਪਤੀਆਂ ਦੀ ਆਸ ਪ੍ਰਗਟਾਈ ਹੈ।

Related Articles

Leave a Reply

Your email address will not be published.

Back to top button