ताज़ा खबरपंजाब

ਸਬ-ਇੰਸਪੈਕਟਰ ਦੇ ਪੁੱਤ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ‘ਚ ਪਤਨੀ ਤੇ ਮਾਂ ਤੋਂ ਮੰਗੀ ਮੁਆਫੀ

ਲੂਧਿਆਣਾ, 25 ਅਕਤੂਬਰ (ਬਿਊਰੋ) : ਲੂਧਿਆਣਾ ਵਿੱਚ ਅੱਜ ਸਵੇਰੇ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦੇ ਪੁੱਤਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਇਕ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿਚ ਉਸ ਨੇ ਆਪਣੀ ਪਤਨੀ ਹਰਮਨ ਤੋਂ ਮੁਆਫੀ ਮੰਗੀ। ਘਟਨਾ ਟਿੱਬਾ ਰੋਡ ਦੀ ਗਰੇਵਾਲ ਕਾਲੋਨੀ ਦੀ ਹੈ।

ਨੌਜਵਾਨ ਦੇ ਵਿਆਹ ਨੂੰ 9 ਮਹੀਨੇ ਹੀ ਹੋਏ ਸਨ। ਉਸ ਦੀ ਪਤਨੀ ਹਰਮਨ ਕੌਰ ਨਾਲ ਕਾਫੀ ਤਕਰਾਰ ਚੱਲ ਰਹੀ ਸੀ, ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ।

ਨੌਜਵਾਨ ਦੀ ਪਤਨੀ ਘਰੋਂ ਗਈ ਹੋਈ ਸੀ। ਬੀਤੀ ਦੇਰ ਰਾਤ ਨੌਜਵਾਨ ਦੀ ਮਾਤਾ ਸੁਖਦੀਪ ਕੌਰ ਵਾਸ਼ਰੂਮ ਕਰਨ ਲਈ ਉੱਠੀ ਤਾਂ ਦੇਖਿਆ ਕਿ ਮੁੰਡੇ ਦੇ ਕਮਰਾ ਬੰਦ ਹੈ। ਉਸ ਨੇ ਪੁੱਤਰ ਨੂੰ ਆਵਾਜ਼ ਲਾਈ ਪਰ ਜਦੋਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਸੁਖਦੀਪ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਉਠਾਇਆ ਅਤੇ ਕਮਰੇ ਦਾ ਬੂਹਾ ਖੁਲ੍ਹਵਾ ਕੇ ਅੰਦਰ ਵੜੇ।

 

ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਨੇ ਦੇਖਿਆ ਕਿ ਪੁੱਤਰ ਦੀ ਲਾਸ਼ ਜ਼ਮੀਨ ‘ਤੇ ਪਈ ਸੀ ਅਤੇ ਚੁੰਨੀ ਪੱਖੇ ਨਾਲ ਬੰਨ੍ਹੀ ਹੋਈ ਸੀ। ਪਰਿਵਾਰ ਦੇ ਚੀਕ-ਚਿਹਾੜੇ ਦੀ ਆਵਾਜ਼ ਸੁਣ ਕੇ ਸਾਰਾ ਇਲਾਕਾ ਇਕੱਠਾ ਹੋ ਗਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਟਿੱਬਾ ਦੀ ਪੁਲਿਸ ਮੌਕੇ ‘ਤੇ ਪੁੱਜ ਗਈ।

 

ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਨੇ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਮ੍ਰਿਤਕ ਗੁਰਪ੍ਰੀਤ ਦਾ ਪਿਤਾ ਹਰਮਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ।

 

 

 

ਮੌਕੇ ‘ਤੇ ਮਿਲੇ ਸੁਸਾਈਡ ਨੋਟ ‘ਚ ਗੁਰਪ੍ਰੀਤ ਸਿੰਘ ਨੇ ਲਿਖਿਆ ਕਿ ਮੈਂ ਅੱਜ ਤੱਕ ਜੋ ਕੁਝ ਕੀਤਾ ਉਸ ਲਈ ਮੈਨੂੰ ਮੁਆਫ਼ ਕਰ ਦਿਓ, ਮੈਨੂੰ ਖੁਦ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਹੋ ਗਿਆ ਹਾਂ। ਮੇਰੇ ਦਿਲ ਵਿੱਚ ਬਹੁਤ ਸਾਰੀਆਂ ਗੱਲਾਂ ਹਨ ਜੋ ਮੈਂ ਕਿਸੇ ਨਾਲ ਨਹੀਂ ਕਰ ਸਕਦਾ। ਮੈਂ ਅੱਜ ਤੱਕ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਹਾਂ ਗੁੱਸੇ ਵਾਲਾ ਹਾਂ ਇਹ ਮੰਨਦਾ ਹਾਂ ਮੈਂ। ਮੈਨੂੰ ਮਾਫ਼ ਕਰ ਦੇ। ਬਸ ਇੱਕ ਵਾਰ ਹਰਮਨ ਨੂੰ ਕਹਿ ਦੇਣਾ ਕਿ ਮੇਰੇ ਮਰਨ ‘ਤੇ ਆ ਜਾਏ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।

 

ਮੈਂ ਹਰਮਨ ਤੋਂ ਮੁਆਫੀ ਮੰਗਦਾ ਹਾਂ। ਉਸ ਨੇ ਆਪਣੀ ਮਾਂ ਤੋਂ ਮੁਆਫੀ ਵੀ ਮੰਗੀ। ਮਰਨ ਵਾਲੇ ਨੇ ਲਿਖਿਆ ਕਿ ਮਾਫ ਕਰਨਾ ਮਾਂ, ਤੇਰਾ ਪੁੱਤ ਠੀਕ ਨਹੀਂ ਨਿਕਲਿਆ। ਗੁਰਪ੍ਰੀਤ ਨੇ ਲਿਖਿਆ ਕਿ ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ, ਬਸ ਹਰਮਨ ਨੂੰ ਬੁਲਾ ਲੈਣਾ। ਮੈਂ ਇੱਥੇ ਨਾ ਹੁੰਦੇ ਹੋਏ ਵੀ ਇਥੇ ਹੀ ਰਹਾਂਗਾ।

 

ਮ੍ਰਿਤਕ ਗੁਰਪ੍ਰੀਤ ਦੇ ਭਰਾ ਸਿਮਰਨ ਨੇ ਦੱਸਿਆ ਕਿ ਉਸ ਦੇ ਭਰਾ ਦੇ ਵਿਆਹ ਨੂੰ ਕਰੀਬ 9 ਮਹੀਨੇ ਹੋਏ ਸਨ। ਭਾਬੀ ਹਰਮਨ 15 ਦਿਨਾਂ ਬਾਅਦ ਹੀ ਘਰ ਵਿੱਚ ਝਗੜਾ ਕਰਨ ਲੱਗ ਪਈ ਪਰ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਗੁਰਪ੍ਰੀਤ ਨਾਲ ਅਣਬਣ ਹੋ ਰਹੀ ਹੈ।

 

ਗੁਰਪ੍ਰੀਤ ਹਰਮਨ ਨੂੰ ਕੈਨੇਡਾ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ। ਸਿਮਰਨ ਮੁਤਾਬਕ ਉਸ ਦੇ ਹਰਮਨ ਦੇ ਕੈਨੇਡਾ ਦੇ ਕਾਗਜ਼ ਤਿਆਰ ਕਰਵਾਉਣ ਅਤੇ ਵੀਜ਼ਾ ਲਗਵਾਉਣ ਵਿਚ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ। ਕੈਨੇਡਾ ਤੋਂ ਵੀਜ਼ਾ ਆਉਂਦੇ ਹੀ ਉਸ ਦਿਨ ਤੋਂ ਹਰਮਨ ਦੇ ਹਾਵ-ਭਾਵ ਬਦਲ ਗਏ।

 

ਉਹ ਗੁਰਪ੍ਰੀਤ ਨਾਲ ਝਗੜਾ ਕਰਦੀ ਰਹਿੰਦੀ ਸੀ। ਹੁਣ ਮਾਮਲਾ ਇਸ ਹੱਦ ਤੱਕ ਪਹੁੰਚ ਗਿਆ ਸੀ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਘਰ ਆ ਕੇ ਉਸ ਨੂੰ ਕੁੱਟਣ ਲੱਗ ਗਏ। ਸਿਮਰਨ ਨੇ ਦੱਸਿਆ ਕਿ ਹਰਮਨ ਨੇ ਉਸ ਦੇ ਭਰਾ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਉਸ ਨੂੰ ਕੈਨੇਡਾ ਬੁਲਾ ਕੇ ਤਲਾਕ ਦੇ ਦੇਵੇਗੀ। ਕਾਂਟ੍ਰੈਕਟ ਮੈਰਿਜ ਕਰਨਗੇ।

 

ਸਿਮਰਨ ਨੇ ਦੋਸ਼ ਲਾਇਆ ਕਿ ਜਦੋਂ ਗੁਰਪ੍ਰੀਤ ਸਿੰਘ ਦਾ ਵਿਆਹ ਹੋਣਾ ਸੀ ਤਾਂ ਹਰਮਨ ਦੇ ਪਰਿਵਾਰ ਨੇ ਕਿਹਾ ਕਿ ਵਿਆਹ ਵਿੱਚ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ ਗਿਆ। ਗੁਰਪ੍ਰੀਤ ਦਾ ਵਿਆਹ ਹੋਟਲ ਨੀਲਗਿਰੀ ਵਿੱਚ ਹੋਇਆ। ਗੁਰਪ੍ਰੀਤ ਕਰੀਬ 3 ਸਾਲ ਸਾਈਪ੍ਰਸ ਵਿੱਚ ਕੰਮ ਕਰ ਚੁੱਕਾ ਹੈ। ਭਾਰਤ ਆਉਣ ‘ਤੇ ਹੁਣ ਉਸ ਨੇ ਇਥੇ ਟਰਾਲਾ ਚਲਾਉਣਾ ਸੀ।

 

ਸਿਮਰਨ ਨੇ ਦੱਸਿਆ ਕਿ ਉਸ ਦੇ ਭਰਾ ਦਾ ਰਿਸ਼ਤਾ ਅਖਬਾਰ ਰਾਹੀਂ ਹੋਇਆ ਸੀ। ਇਸ਼ਤਿਹਾਰ ਵੇਖ ਕੇ ਉਸ ਦੀ ਮਾਂ ਨੇ ਕਾਲ ਕਰ ਦਿੱਤੀ ਪਰ ਔਰਤ ਨੇ ਖੁਦ ਗੱਲ ਕਰਨ ਦੀ ਬਜਾਏ ਸਿੱਧਾ ਆਪਣੀ ਧੀ ਤੋਂ ਫੋਨ ਚੁਕਵਾਇਆ। ਇਸ ਮਗਰੋਂ ਗੁਰਪ੍ਰੀਤ ਹਰਮਨ ਦੇ ਟਚ ਵਿੱਚ ਰਹਿਣ ਲੱਗਾ ਤੇ ਉਸ ਨਾਲ ਵਿਆਹ ਕਰਨ ਲਈ ਅੜ ਗਿਆ।

 

ਸਿਮਰਨ ਮੁਤਾਬਕ ਉਸ ਦੀ ਭਾਬੀ ਹਮੇਸ਼ਾ ਗੁਰਪ੍ਰੀਤ ਨਾਲ ਝਗੜਾ ਕਰਦੀ ਸੀ ਕਿ ਉਹ ਪਰਿਵਾਰ ਛੱਡ ਕੇ ਵੱਖਰਾ ਰਹੇ ਪਰ ਗੁਰਪ੍ਰੀਤ ਇਹ ਨਹੀਂ ਚਾਹੁੰਦਾ ਸੀ। ਹਰਮਨ ਦਾ ਵੀਜ਼ਾ ਆਉਣ ‘ਤੇ ਪਤਾ ਲੱਗਾ ਕਿ ਉਸ ਨੇ ਇਸ ਵਿੱਚ ਆਪਣੇ ਆਪ ਨੂੰ ਸਿੰਗਲ ਦੱਸਿਆ ਸੀ। ਇਸ ਗੱਲ ਤੋਂ ਲੜਾਈ ਵਧ ਗਈ। ਗੁਰਪ੍ਰੀਤ ਦੀ ਮੌਤ ਦਾ ਪਤਾ ਲੱਗਣ ਮਗਰੋਂ ਦੱਸਿਆ ਜਾ ਰਿਹਾ ਹੈ ਕਿ ਹਰਮਨ ਆਪਣੇ ਮਾਪਿਆਂ ਸਣੇ ਫਰਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਘਰੋਂ ਗਹਿਣ ਆਦਿ ਵੀ ਲਿਜਾ ਚੁੱਕੀ ਹੈ। ਸਿਮਰਨ ਨੇ ਦੱਸਿਆ ਕਿ ਗੁਰਪ੍ਰੀਤ ਪਿਛਲੇ ਕੁਝ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਤੇ ਗੁੱਸੇ ਵਿੱਚ ਰਹਿੰਦਾ ਸੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਕਬਜੇ਼ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਜਾਏਗੀ।

Related Articles

Leave a Reply

Your email address will not be published.

Back to top button