ताज़ा खबरपंजाब

ਸਥਾਨਕ ਸਰਕਾਰ ਮੰਤਰੀ ਵੱਲੋਂ ਆਈ.ਸੀ.ਸੀ. ਸੈਂਟਰ ਦੀ ਸ਼ੁਰੂਆਤ

ਸ਼੍ਰੀ ਗੁਰੂ ਨਾਨਕ ਦੇਵ ਪਬਲਿਕ ਡਿਜੀਟਲ ਲਾਇਬ੍ਰੇਰੀ ਤੇ ਪੀ.ਡਬਲਿਯੂ.ਆਈ. ਮੈਨੇਜਮੈਂਟ ਸਿਸਟਮ ਪੋਰਟਲ ਦਾ ਵੀ ਕੀਤਾ ਆਗਾਜ਼

 

ਆਈ.ਸੀ.ਸੀ.ਸੀ. ਪ੍ਰਾਜੈਕਟ ਤਹਿਤ 78 ਕਰੋੜ ਦੀ ਲਾਗਤ ਨਾਲ 1200 ਹਾਈ ਰੈਜ਼ੋਲਿਊਸ਼ਨ ਕੈਮਰੇ ਲਗਾਏ ਜਾਣਗੇ – ਡਾ. ਨਿੱਜਰ

 

ਜਲੰਧਰ, 15 ਅਗਸਤ (ਕਬੀਰ ਸੌਂਧੀ) : ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਐਤਵਾਰ ਨੂੰ ਸ਼ਹਿਰ ਵਿੱਚ ਸਮਾਰਟ ਸਿਟੀ ਮਿਸ਼ਨ ਤਹਿਤ 78 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਇੰਟੈਗਰੇਟਿਡ ਕਮਾਂਡ ਕੰਟਰੋਲ ਸੈਂਟਰ ਅਤੇ ਗੁਰੂ ਨਾਨਕ ਲਾਇਬ੍ਰੇਰੀ ਦੇ ਡਿਜੀਟਲਾਈਜ਼ੇਸ਼ਨ ਤੋਂ ਇਲਾਵਾ ਪਬਲਿਕ ਵਰਕਸ ਇੰਟੀਗ੍ਰੇਟਿਡ ਮੈਨੇਜਮੈਂਟ ਸਿਸਟਮ ਪੋਰਟਲ ਸਮੇਤ ਤਿੰਨ ਪ੍ਰਮੁੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ।

ਸਥਾਨਕ ਪੁਲਿਸ ਲਾਈਨਜ਼ ਵਿਖੇ ਗਾਰਡ ਆਫ਼ ਆਨਰ ਤੋਂ ਬਾਅਦ ਸਥਾਨਕ ਸਰਕਾਰ ਮੰਤਰੀ ਨੇ ਉਕਤ ਕੰਪਲੈਕਸ ਵਿੱਚ ਇੰਟੈਗਰੇਟਿਡ ਕਮਾਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ 78 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਮੁਕੰਮਲ ਕੀਤਾ ਜਾਣਾ ਹੈ, ਜਿਸ ਤਹਿਤ ਸ਼ਹਿਰ ਦੀਆਂ 188 ਵੱਖ-ਵੱਖ ਥਾਵਾਂ ‘ਤੇ ਛੇ ਕਿਸਮ ਦੇ 1200 ਹਾਈ ਰੈਜ਼ੋਲਿਊਸ਼ਨ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਡਾ. ਨਿੱਜਰ ਨੇ ਕਿਹਾ ਕਿ ਸੈਂਟਰ ਵਿੱਚ ਸੀ.ਸੀ.ਟੀ.ਵੀ. ਨਿਗਰਾਨੀ ਲਈ ਪ੍ਰਮੁੱਖ ਸੂਚਨਾ ਸੰਚਾਰ ਅਤੇ ਤਕਨੀਕੀ ਮਾਡਿਊਲ, ਇੰਟੈਲੀਜੈਂਸ ਆਵਾਜਾਈ ਪ੍ਰਬੰਧਨ ਪ੍ਰਣਾਲੀ ਅਤੇ ਆਟੋਮੈਟਿਕ ਨੰਬਰ ਪਲੇਟ ਰੈਕੋਗਨੀਸ਼ਨ ਸ਼ਾਮਲ ਹਨ।

ਇਸ ਤੋਂ ਇਲਾਵਾ ਸੈਂਟਰ ਨਿਗਰਾਨੀ ਅਤੇ ਕੰਟਰੋਲ ਲਈ ਆਟੋਮੈਟਿਕ ਟਰੈਫਿਕ ਕਾਊਂਟ ਅਤੇ ਵਰਗੀਕਰਨ, ਸਪੀਡ ਵਾਇਲੇਸ਼ਨ ਡਿਟੈਕਸ਼ਨ ਸਿਸਟਮ, ਅਡੈਪਟਿਵ ਟਰੈਫਿਕ ਕੰਟਰੋਲ ਸਿਸਟਮ, ਪਬਲਿਕ ਐਡਰੈੱਸ ਸਿਸਟਮ, ਵੇਰੀਏਬਲ ਮੈਸੇਜ ਡਿਸਪਲੇਅ ਬੋਰਡ, ਪੈਨਿਕ ਬਟਨ ਦੇ ਨਾਲ ਐਮਰਜੈਂਸੀ ਕਾਲ ਬਾਕਸ, ਏਅਰ ਕੁਆਲਿਟੀ ਸੈਂਸਰਾਂ ਨੂੰ ਆਈ.ਸੀ.ਸੀ.ਸੀ. ਦੇ ਨਾਲ ਏਕੀਕ੍ਰਿਤ ਕਰਨ ਨੂੰ ਵੀ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਮੌਜੂਦਾ ਈ-ਗਵਰਨੈਂਸ ਐਪਲੀਕੇਸ਼ਨ (ਐਮ-ਸੇਵਾ) ਅਤੇ ਡਾਇਲ 112 ਦਾ ਏਕੀਕਰਣ ਆਈ.ਸੀ.ਸੀ.ਸੀ. ਵਿੱਚ ਕੀਤਾ ਜਾਵੇਗਾ।

ਮੰਤਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਸ ਪ੍ਰਾਜੈਕਟ ਦੇ ਆਗਾਜ਼ ਮੌਕੇ ਮਾਡਲ ਟਾਊਨ ਚੌਰਾਹੇ ‘ਤੇ ਪਬਲਿਕ ਐਡਰੈਸ ਸਿਸਟਮ (ਪੀ.ਏ.ਐਸ.) ਦੀ ਸਥਾਪਨਾ ਦੇ ਨਾਲ-ਨਾਲ ਸ਼ਹਿਰ ਦੀਆਂ 10 ਪ੍ਰਮੁੱਖ ਥਾਵਾਂ ‘ਤੇ 32 ਨਿਗਰਾਨੀ ਕੈਮਰੇ ਚਾਲੂ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਿਊਂਸੀਪਲ ਸੇਵਾਵਾਂ ਜਿਵੇਂ ਸਟ੍ਰੀਟ ਲਾਈਟਾਂ, ਸੀਵਰੇਜ ਤੇ ਵਾਟਰ ਸਪਲਾਈ, ਪ੍ਰਾਪਰਟੀ ਟੈਕਸ, ਸੈਨੀਟੇਸ਼ਨ, ਜਨਮ ਤੇ ਮੌਤ, ਬਿਲਡਿੰਗ ਪਲਾਨ ਮਨਜ਼ੂਰੀਆਂ, ਲਾਇਸੈਂਸ ਅਤੇ ਆਨਲਾਈਨ ਬਿਲਡਿੰਗ ਚਲਾਨ ਨਿਗਰਾਨੀ ਪ੍ਰਣਾਲੀ ਅਤੇ ਨਾਗਰਿਕ ਅਜੀਵਿਕਾ ਸੇਵਾਵਾਂ ਜਿਵੇਂ ਪਲੰਬਰ, ਇਲੈਕਟ੍ਰੀਸ਼ੀਅਨ, ਤਰਖਾਣ, ਮਿਸਤਰੀ ਆਦਿ ਨੂੰ ਵੀ ਆਈ.ਸੀ.ਸੀ.ਸੀ. ਨਾਲ ਏਕੀਕ੍ਰਿਤ ਕੀਤਾ ਜਾਵੇਗਾ।

ਸ਼੍ਰੀ ਗੁਰੂ ਨਾਨਕ ਦੇਵ ਡਿਜਿਟਲ ਲਾਇਬ੍ਰੇਰੀ: ਸ਼ਹਿਰਵਾਸੀਆਂ ਲਈ ਇੱਕ ਹੋਰ ਵਿਲੱਖਣ ਪਹਿਲਕਦਮੀ ਤਹਿਤ ਮੰਤਰੀ ਵੱਲੋਂ 1.99 ਕਰੋੜ ਦੀ ਲਾਗਤ ਨਾਲ ਸ਼੍ਰੀ ਗੁਰੂ ਨਾਨਕ ਦੇਵ ਪਬਲਿਕ ਡਿਜੀਟਲ ਲਾਇਬ੍ਰੇਰੀ ਦੀ ਸ਼ੁਰੂਆਤ ਵੀ ਕੀਤੀ ਗਈ । ਉਨ੍ਹਾਂ ਕਿਹਾ ਕਿ ਡਿਜੀਟਲ ਲਾਇਬ੍ਰੇਰੀ ਗੁਰੂ ਨਾਨਕ ਦੇਵ ਪਬਲਿਕ ਲਾਇਬ੍ਰੇਰੀ ਵਿੱਚ ਇੱਕ ਡਿਜੀਟਲ ਜ਼ੋਨ ਪ੍ਰਦਾਨ ਕਰਦੀ ਹੈ, ਜਿਸ ਵਿੱਚ 20 ਡੈਸਕਟਾਪ ਟੱਚ ਸਕਰੀਨ ਕੰਪਿਊਟਰ ਅਤੇ ਇੱਕ ਵੈੱਬ ਪੋਰਟਲ ਸ਼ਾਮਲ ਹੈ, ਜੋ ਕਿ ਆਮ ਲੋਕਾਂ ਲਈ ਉਪਲਬਧ ਹੈ।

ਪੀ.ਡਬਲਯੂ.ਆਈ.ਐਮ.ਐਸ. ਪੋਰਟਲ ਵੀ ਕੀਤ ਲਾਂਚ : ਮੰਤਰੀ ਵੱਲੋਂ ਪਬਲਿਕ ਵਰਕਸ ਇੰਟੀਗ੍ਰੇਟਿਡ ਮੈਨੇਜਮੈਂਟ ਸਿਸਟਮ ਪੋਰਟਲ ਦੀ ਵੀ ਸ਼ੁਰੂਆਤ ਕੀਤੀ ਗਈ । ਇਸ ਪ੍ਰਾਜੈਕਟ ਤਹਿਤ ਇੰਜੀਨੀਅਰਿੰਗ ਅਤੇ ਪ੍ਰਾਜੈਕਟ ਪ੍ਰਬੰਧਨ ਸਿਸਟਮ (ਈ.ਪੀ.ਐਮ.ਐਸ.), ਜਿਸ ਵਿੱਚ ਕੰਮ ਦੇ ਅਨੁਮਾਨਾਂ ਦੀ ਤਿਆਰੀ, ਪ੍ਰਸ਼ਾਸਕੀ ਪ੍ਰਵਾਨਗੀ ਅਤੇ ਤਕਨੀਕੀ ਮਨਜ਼ੂਰੀ, ਟੈਂਡਰ ਦੀ ਤਿਆਰੀ, ਕੰਟਰੈਕਟ ਪ੍ਰਬੰਧਨ, ਈ-ਐਮਬੀ ਅਤੇ ਆਨਲਾਈਨ ਬਿੱਲਾਂ ਦੀ ਤਿਆਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਅਦਾਇਗੀ ਲਈ ਸਿਸਟਮ ਨੂੰ ਹੋਰ ਵਿਸਥਾਰ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਵਿਧਾਇਕ ਜਲੰਧਰ ਕੇਂਦਰੀ ਰਮਨ ਅਰੋੜਾ, ਵਿਧਾਇਕ ਕਰਤਾਰਪੁਰ ਬਲਕਾਰ ਸਿੰਘ, ਵਿਧਾਇਕ ਜਲੰਧਰ ਪੱਛਮੀ ਸ਼ੀਤਲ ਅੰਗੁਰਾਲ, ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਡੀ.ਸੀ.ਪੀ ਹੈੱਡਕੁਆਰਟਰ ਵਤਸਲਾ ਗੁਪਤਾ, ਨਗਰ ਨਿਗਮ ਦੇ ਕਮਿਸ਼ਨਰ ਦਵਿੰਦਰ ਸਿੰਘ, ਹੋਰ ਸੀਨੀਅਰ ਆਗੂ ਅਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ।

Related Articles

Leave a Reply

Your email address will not be published.

Back to top button