ਜੰਡਿਆਲਾ ਗੁਰੂ, 01 ਮਈ (ਕੰਵਲਜੀਤ ਸਿੰਘ) : ਸਕੂਲ ਆਫ਼ ਐੱਮੀਨੇੰਸ ਫ਼ਾਰ ਗਰਲਜ਼ ਜੰਡਿਆਲਾ ਗੁਰੂ ਵਿਖੇ ਆਈ.ਐੱਸ.ਟੀ ਗਰਲਜ਼ ਬਟਾਲੀਅਨ, ਅੰਮ੍ਰਿਤਸਰ ਵੱਲੋਂ ਐੱਨ.ਸੀ.ਸੀ ਜੂਨੀਅਰ ਵਿੰਗ ‘ਚ ਨਵੇਂ 25 ਕੈਡਿਟਾਂ ਨੂੰ ਭਰਤੀ ਕੀਤਾ ਗਿਆ। ਸਕੂਲ ਦੇ ਸਵੈਇੱਛਕ ਵਿਦਿਆਰਥੀਆਂ ਨੂੰ ਪਹਿਲਾਂ ਐੱਨ.ਸੀ.ਸੀ ਬਾਬਤ ਜਾਣਕਾਰੀ ਦਿੰਦੇ ਹੋਏ ਕੈਡਿਟ ਅਫ਼ਸਰ ਸਾਹਿਬਾਨ ਸ.ਅਮਨਦੀਪ ਸਿੰਘ ਔਲਖ ਜੀ ਨੇ ਸੈਨਾ ਦੇ ਵੱਖ-ਵੱਖ ਅੰਗਾਂ ਬਾਰੇ ਦੱਸਿਆ ਤੇ ਬਾਅਦ ‘ਚ ਇੱਕ ਲਿਖਤੀ ਇਮਤਿਹਾਨ ਵੀ ਲਿਆ।
ਵਿਦਿਆਰਥੀਆਂ ਨੂੰ ਸਰੀਰਕ ਤੇ ਬੌਧਿਕ ਮਾਪ ਦੰਡਾਂ ‘ਤੇ ਪਰਖਦੇ ਹੋਏ ਇਨ੍ਹਾਂ ਦੀ ਭਰਤੀ ਕੀਤੀ ਗਈ। ਇਸ ਭਰਤੀ ਪ੍ਰਕਿਰਿਆ ‘ਚ ਕੈਡਿਟ ਅਫ਼ਸਰ ਸਾਹਿਬਾਨ ਰਾਜੇਸ਼ ਕੁਮਾਰ ਜੀ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ। ਪ੍ਰਿੰਸੀਪਲ ਸ਼੍ਰੀਮਤੀ ਜਤਿੰਦਰ ਕੌਰ ਜੀ ਨੇ ਵਿਦਿਆਰਥੀਆਂ ਦੀ ਭਰਤੀ ਕਰਨ ਆਏ ਅਫ਼ਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੀ ਐੱਨ.ਸੀ.ਸੀ ਕੈਡਿਟਾਂ ਦੀ ਭਰਤੀ ਇਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ‘ਚ ਨਾ ਕੇਵਲ ਸਰੀਰਕ ਪੱਖੋਂ ਮਜਬੂਤ ਤੇ ਦਿ੍ੜ ਬਣਾਵੇਗੀ ਸਗੋਂ ਜਿੰਦਗੀ ਨੂੰ ਅਨੁਸ਼ਾਸਨ ‘ਚ ਜਿਉਣ ਦਾ ਅਰਥ ਵੀ ਸਮਝਾਵੇਗੀ। ਇਸ ਭਰਤੀ ਪ੍ਰਕਿਰਿਆ ‘ਚ ਸਕੂਲ ਦੀਆਂ 25 ਲੜਕੀਆਂ ਦੀ ਚੋਣ ਹੋਈ। ਭਰਤੀ ਪ੍ਰਕਿਰਿਆ ‘ਚ ਸਕੂਲ ਦੀ ਅਧਿਆਪਕਾ ਸ਼੍ਰੀਮਤੀ ਗੁਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮੂਹ ਕਮੇਟੀ ਮੈਂਬਰਾਂ ਅਤੇ ਸਟਾਫ਼ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।