ਜੰਡਿਆਲਾ ਗੁਰੂ, 07 ਜੂਨ (ਕੰਵਲਜੀਤ ਸਿੰਘ) : ਭਾਰਤ ਦੇਸ਼ ਦੀ ਸ਼੍ਰੋਮਣੀ ਪੰਥਕ ਕਵੀ ਸਭਾ ਅਤੇ ਕੈਨੇਡਾ ਦੇਸ਼ ਦੀ ਈ-ਦੀਵਾਨ ਸੋਸਾਇਟੀ ਵੱਲੋਂ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅਤੇ ਕਵੀ ਦਰਬਾਰ ਕਰਵਾਏ ਗਏ। ਸ਼੍ਰੋਮਣੀ ਪੰਥਕ ਕਵੀ ਸਭਾ ਦੇ ਕਾਨੂੰਨੀ ਸਲਾਹਕਾਰ ਅਤੇ ਪੱਤਰਕਾਰੀ ਫੀਲਡ ਨਾਲ ਸੰਬੰਧ ਰੱਖਦੇ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਮਰਹੂਮ ਸਾਹਿਤਕਾਰ/ਪੰਥਕ ਕਵੀ ਸ:ਤਰਲੋਕ ਸਿੰਘ ਦੀਵਾਨਾ ਦੇ ਗ੍ਰਹਿ ਜੋਤੀਸਰ ਕੋਲੋਨੀ,ਜੰਡਿਆਲਾ ਗੁਰੂ ਤੋਂ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਈ-ਦੀਵਾਨ ਸੋਸਾਇਟੀ ਕੈਨੇਡਾ ਵੱਲੋਂ ਮਿਤੀ 5 ਅਤੇ 6 ਜੂਨ ਨੂੰ ਕਵੀ ਦਰਬਾਰ ਕਰਵਾਏ ਗਏ, ਜਿਸ ਵਿੱਚ ਪੰਜਾਬ ਵੱਲੋਂ ਸ਼੍ਰੋਮਣੀ ਪੰਥਕ ਕਵੀ ਸਭਾ ਦੇ ਸਕੱਤਰ ਇੰਜ. ਕਰਮਜੀਤ ਸਿੰਘ ਨੂਰ,ਜਨਰਲ ਸਕੱਤਰ ਡਾ. ਹਰੀ ਸਿੰਘ ਜਾਚਕ ਅਤੇ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਬਤੌਰ ਬੁਲਾਰਾ ਪੇਸ਼ ਹੋਏ ਅਤੇ ਆਪਣੀਆਂ ਕਵਿਤਾਵਾਂ ਦੇ ਨਾਲ ਨਾਲ ਇਸ ਦੁਖਦਾਇਕ ਘਟਨਾ ਨੂੰ ਯਾਦ ਕਰਦਿਆਂ ਵਿਚਾਰ ਸਾਂਝੇ ਕੀਤੇ।
ਇਸ ਸਮਾਗਮ ਵਿੱਚ ਪੰਥਕ ਕਵੀ ਸੁਜਾਨ ਸਿੰਘ ਸੁਜਾਨ(ਕੈਨੇਡਾ) ਵੀ ਸ਼ਾਮਿਲ ਹੋਏ। ਉਕਤ ਸਮਾਗਮ ਦੇ ਪ੍ਰਬੰਧਕ ਬੀਬੀ ਗੁਰਦੀਪ ਕੌਰ ਗਰੇਵਾਲ(ਕੈਨੇਡਾ) ਸਨ। ਉਕਤ ਕਵੀ ਦਰਬਾਰ ਤੋਂ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਕਥਾ ਵਿਚਾਰ ਵੀ ਕੀਤੇ ਗਏ। ਇਸੇ ਤਰ੍ਹਾਂ ਮਿਤੀ 6 ਜੂਨ ਨੂੰ ਭਾਰਤ ਦੇਸ਼ ਦੀ ਸ਼੍ਰੋਮਣੀ ਪੰਥਕ ਕਵੀ ਸਭਾ ਵੱਲੋਂ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਬੱਲ(ਮੋਰਿੰਡਾ) ਅਤੇ ਸਕੱਤਰ ਕਰਮਜੀਤ ਸਿੰਘ ਨੂਰ ਦੀ ਰਹਿਨੁਮਾਈ ਹੇਂਠ ਵੀ ਕਵੀ ਦਰਬਾਰ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਜਥੇਦਾਰ ਬਲਬੀਰ ਸਿੰਘ ਬੱਲ(ਮੋਰਿੰਡਾ), ਕਰਮਜੀਤ ਸਿੰਘ ਨੂਰ(ਜਲੰਧਰ),ਅਵਤਾਰ ਸਿੰਘ ਤਾਰੀ(ਅੰਮ੍ਰਿਤਸ),ਸ਼ੁਕਰਗੁਜ਼ਾਰ ਸਿੰਘ ਐਡਵੋਕੇਟ(ਜੰਡਿਆਲਾ ਗੁਰੂ),ਡਾ. ਹਰੀ ਸਿੰਘ ਜਾਚਕ(ਲੁਧਿਆਣਾ),ਬੀਬੀ ਸਰਬਜੀਤ ਕੌਰ ਸਰਬ(ਉਤਰਾਖੰਡ),ਬੀਬੀ ਜਤਿੰਦਰ ਕੌਰ ਆਨੰਦਪੁਰੀ(ਸ਼੍ਰੀ ਆਨੰਦਪੁਰ ਸਾਹਿਬ) ਸ਼ਾਮਿਲ ਹੋਏ ਅਤੇ ਆਪਣੀਆਂ ਰਚਨਾਵਾਂ ਨਾਲ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਕਤ ਕਵੀ ਦਰਬਾਰ ਤੋਂ ਪਹਿਲਾਂ ਵਾਹਿਗੁਰੂ ਜਾਪ ਕੀਤੇ ਗਏ। ਉਕਤ ਕਵੀ ਸਮਾਗਮਾਂ ਵਿੱਚ ਸੈਂਕੜੇ ਦੀ ਤਦਾਦ ਵਿੱਚ ਸੰਗਤਾਂ ਆਨਲਾਇਨ ਜੁੜੀਆਂ ਅਤੇ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਹਾਜ਼ਰੀ ਲਵਾਈ। ਬੁਲਾਰਿਆਂ ਕਿਹਾ ਕਿ ਇਹ ਸਾਕਾ ਨਾ ਭੁੱਲਿਆ ਜਾ ਸਕਦਾ,ਨਾ ਹੀ ਭੁੱਲਣਣਯੋਗ ਹੈ ਅਤੇ ਨਾ ਹੀ ਬਖ਼ਸ਼ਣਯੋਗ ਹੈ।