ਅੰਮ੍ਰਿਤਸਰ/ਜੰਡਿਆਲਾ ਗੁਰੂ, 28 ਸਤੰਬਰ (ਕੰਵਲਜੀਤ ਸਿੰਘ, ਦਵਿੰਦਰ ਸਹੋਤਾ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਅੱਜ ਕੰਪੇਨ(ਵੋਕੇਸ਼ਨਲ ਲਿਟਰੇਸੀ ਫਾਰ ਜੇਲ ਇਨਮੇਟਸ) ਰਾਹੀਂ ਜੇਲ੍ਹ ਵਿੱਚ ਬੰਦ ਇਸਤਰੀ ਬੰਦੀਆਂ ਨੂੰ ਸਿਲਾਈ/ਟੇਲਰਿੰਗ ਦੇ ਫੈਬਰੀਕੇਸ਼ਨ ਆਫ ਗਾਰਮੈਂਟਸ ਦੇ ਸਬੰਧ ਵਿੱਚ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਜਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਵਲੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ। ਉਨਾਂ ਦੱਸਿਆ ਕਿ ਜੇਲ੍ਹ ਵਿੱਚ ਬੰਦ ਇਸਤਰੀ ਬੰਦੀਆਂ ਨੂੰ ਕੱਪੜਾ ਕੱਟਣਾ, ਸੂਟ ਸਿਉਣਾ, ਬੱਚਿਆਂ ਦੇ ਕੱਪੜੇ ਬਨਾਉਣ ਲਈ ਉਹਨਾਂ ਦੀ ਕਟਾਈ ਆਦਿ ਦੀ ਸਿਖਾਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਜੇਲ ਵਿੱਚ ਬੰਦ ਬੰਦੀ (ਇਸਤਰੀਆਂ) ਰਿਹਾਈ ਤੋਂ ਬਾਅਦ ਕਿਸੇ ਕਿੱਤੇ ਵਿੱਚ ਰੁੱਝ ਸਕਣ ਤਾਂ ਜੋ ਉਹ ਸਵੈ-ਨਿਰਭਰ ਹੋਕੇ ਆਪਣੇ ਅਤੇ ਆਪਣੇ ਪਰਿਵਾਰ ਵਾਸਤੇ ਜੀਵਕਾ ਕਮਾ ਸਕਣ, ਅਤੇ ਭਵਿੱਖ ਵਿੱਚ ਉਹ ਕਿਸੇ ਅਪਰਾਧ ਵਿੱਚ ਨਾ ਜਾਣ।
ਇਸ ਟਰੇਨਿੰਗ ਪ੍ਰੋਗਰਾਮ ਦੇ ਦੌਰਾਨ ਜੇਲ ਦੇ ਅਧਿਕਾਰੀ ਵੀ ਮੌਜੂਦ ਹਨ, ਉਹਨਾਂ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਦੇ ਨਾਲ ਸ੍ਰੀ ਰਸ਼ਪਾਲ ਸਿੰਘ, ਸਿਵਿਲ ਜੱਜ (ਸੀਨੀਅਰ ਡਵੀਜ਼ਨ)- ਕਮ- ਸੈਕਟਰੀ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੀ ਮੌਜੂਦ ਸਨ।ਸ਼੍ਰੀਮਤੀ ਸ਼ਲਿੰਦਰ ਕੌਰ, ਟਰੇਨਰ (ਐਨ ਜੀ ਓ, ਆਲ ਇੰਡਿਆ ਵੂਮੇਨ ਕਾਨਫੰਰਸ, ਅੰਮ੍ਰਿਤਸਰ) ਵੱਲੋਂ ਲੇਡੀਜ਼ ਬੈਰਿਕ ਵਿੱਚ 40 ਔਰਤਾਂ ਨੂੰ ਸਿਲਾਈ ਅਤੇ ਕਟਾਈ/ਟੇਲਰਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼੍ਰੀ ਜਸਵਿੰਦਰ ਸਿੰਘ , ਐਗਰੀਕਲਚਰ ਇੰਨਫਰਮੇਸ਼ਨ ਅਫਸਰ, ਫਾਰਮਰ ਟਰੇਨਿੰਗ ਸੈਂਟਰ, ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਅਜੈ ਕੁਮਾਰ , ਅਸੀਸਟੈਂਟ ਪ੍ਰੋਫੈਸਰ , ਕਿਸਾਨ ਵਿਗਿਆਨ ਕੇਂਦਰ, ਅੰਮ੍ਰਿਤਸਰ ਜੀ ਵੱਲੋਂ ਜੇਲ ਵਿੱਚ ਜੈਂਟਸ ਬੈਰਿਕਾਂ ਵਿੱਚ ਵੀ ਖੇਤੀਬਾੜੀ ਨਾਲ ਸਬੰਧਿਤ ਕਾਰਜਾਂ ਬਾਰੇ ਟਰੇਨਿੰਗ ਦਿੱਤੀ ਜਾ ਰਹੀ ਹੈ।