ਬਾਬਾ ਬਕਾਲਾ ਸਾਹਿਬ, 9 ਨਵੰਬਰ (ਸੁਖਵਿੰਦਰ ਬਾਵਾ) : ਪੰਜਾਬੀ ਜ਼ੁਬਾਨ ਦੇ ਨਾਮਵਰ ਲੇਖਕ ਸ: ਵਜ਼ੀਰ ਸਿੰਘ ਰੰਧਾਵਾ ਵੱਲੋਂ ਆਪਣੇ ਨਾਵਲ ‘ਦੁੱਧ ਦੀ ਲਾਜ’ ਦਾ ਨਵਾਂ ਐਡੀਸ਼ਨ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਲਾਇਬਰੇਰੀ ਲਈ ਭੇਟ ਕੀਤਾ ਗਿਆ । ਇਸ ਮੌਕੇ ਵਜ਼ੀਰ ਸਿੰਘ ਰੰਧਾਵਾ ਦੀ ਲਿਖਤ ਬਾਰੇ ਹਾਰਜ਼ੀਨ ਵੱਲੋਂ ਵਿਚਾਰ ਚਰਚਾ ਕੀਤੀ ਗਈ । ਨਾਵਲ ਉਪਰ ਗੱਲਬਾਤ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕਿਹਾ ਕਿ ਵਜ਼ੀਰ ਸਿੰਘ ਰੰਧਾਵਾ ਕੋਲ ਵਿਸ਼ਿਆਂ ਦੀ ਵੰਨ-ਸੁਵੰਨਤਾ ਅਤੇ ਗਲਪੀ ਬਿੰਬ ਉਸਾਰਨ ਦੀ ਕਮਾਲ ਦੀ ਜੁਗਤ ਹੈ ਅਤੇ ਇਸੇ ਜੁਗਤ ਸਦਕਾ ਉਸਦੇ ਨਾਵਲ ‘ਦੁੱਧ ਦੀ ਲਾਜ’ ਵਿਚਲਾ ਬਿਰਤਾਂਤ ਪਾਠਕ ਨੂੰ ਉਂਗਲ ਫੜ੍ਹਕੇ ਨਾਲ-ਨਾਲ ਤੋਰਦਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਨਾਵਲ ਦੀਆਂ ਘਟਨਾਵਾਂ ਦਾ ਕਾਲ ਪੌਣੀ ਸਦੀ ਦੇ ਆਰ-ਪਾਰ ਫੈਲਿਆ ਹੋਇਆ ਹੈ, ਜਿਸ ਵਿੱਚ ਪੰਜਾਬ ਦੇ ਕਾਲੇ ਦੌਰ, ਪੁਲਿਸ ਦੀ ਸਹਿਸ਼ਤ, ਚੌਰਾਸੀ ਦੀਆਂ ਘਟਨਾਵਾਂ ਅਤੇ ਕਿਸਾਨੀ ਸੰਘਰਸ਼ ਤੱਕ ਪੁੱਜਦਿਆਂ ਨਾਵਲਕਾਰ ਆਪਣੇ ਪਾਤਰਾਂ ਨੰੁ ਕਿਧਰੇ ਵੀ ਟੁੱਟਣ-ਖਿਲਣਣ ਨਹੀਂ ਦਿੰਦਾ, ਸਗੋਂ ਤਰੋਤਾਜ਼ਾ ਕਰਕੇ ਸੰਘਰਸ਼ਮਈ ਜੀਵਨ ਜਿਊਣ ਲਈ ਪ੍ਰੇਰਦਾ ਹੈ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਅਤੇ ਸੀਨੀਅਰ ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ ਨੇ ਕਿਹਾ ਕਿ ਰੰਧਾਵਾ ਸਾਹਿਬ ਇਸਤੋਂ ਪਹਿਲਾਂ ਕਥਾ ਪੁਸਤਕ ‘ਹੋਕਾ’ ਨਾਲ ਆਪਣੀ ਪਛਾਣ ਬਣਾ ਚੁੱਕੇ ਹਨ ਅਤੇ ਉਨ੍ਹਾਂ ਦੀ ਲੇਖਣੀ ਬਾਕਮਾਲ ਦੀ ਹੈ । ਇਸ ਦੌਰਾਨ ਹੀ ਗਾਇਕ ਅਤੇ ਗਤਿਕਾਰ ਮੱਖਣ ਸਿੰਘ ਭੈਣੀਵਾਲਾ ਅਤੇ ਸੰਤੋਖ ਸਿੰਘ ਗੁਰਾਇਆ ਨੇ ਵੀ ਵਜ਼ੀਰ ਸਿੰਘ ਰੰਧਾਵਾ ਨੂੰ ਨਾਵਲ ‘ਦੁੱਧ ਦੀ ਲਾਜ’ ਲਈ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ। ਇਸ ਮੌਕੇ ਮਾ. ਮਨਜੀਤ ਸਿੰਘ ਵੱਸੀ, ਸੁਰਿੰਦਰ ਖਿਲਚੀਆਂ, ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸਿਮਰਨਜੀਤ ਕੌਰ, ਸਰਬਜੀਤ ਸਿੰਘ ਪੱਡਾ, ਅਮਰਜੀਤ ਸਿੰਘ ਘੱੁਕ ਅਤੇ ਹੋਰ ਹਾਜ਼ਰ ਸਨ।