
ਜੰਡਿਆਲਾ ਗੁਰੂ, 12 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) :- ਸਾਹਿਬ ਏ ਕਮਾਲ ਦਸਮ ਪਿਤਾ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋ ਸਾਜੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਤਪ ਅਸਥਾਨ ਬਾਬਾ ਹੰਦਾਲ ਜੀ ਤੋਂ ਬਾਬਾ ਪਰਮਾਨੰਦ ਜੀ ਦੀ ਰਹਿਨੁਮਾਈ ਹੇਠ ਗੁਰੂ ਮਾਨਿਓ ਗ੍ਰੰਥ ਸੇਵਕ ਜੱਥਾ ਅਤੇ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਸੇਵਾ ਸੋਸਾਇਟੀਆਂ ਵਲੋ ਕਢਿਆ ਗਿਆ ।
ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ । ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿਚ ਫੁੱਲਾਂ ਨਾਲ ਸਜਾਈ ਗੱਡੀ ਵਿਚ ਸ਼ੁਸ਼ੋਭਿਤ ਕੀਤਾ ਗਿਆ ਸੀ । ਸੰਗਤਾਂ ਵਲੋ ਪਿੱਛੇ ਸ਼ਬਦ ਕੀਰਤਨ ਗਾਇਨ ਕੀਤੇ ਜਾ ਰਹੇ ਸਨ । ਗਤਕਾ ਪਾਰਟੀਆਂ ਵਲੋ ਸ਼ਾਨਦਾਰ ਜ਼ੋਸ਼ੀਲੇ ਢੰਗ ਨਾਲ ਗਤਕੇ ਦੇ ਜੌਹਰ ਦਿਖਾਏ ਜਾ ਰਹੇ ਸਨ । ਨਗਰ ਕੀਰਤਨ ਵਿੱਚ ਸ਼ਾਮਿਲ ਜਿਆਦਾਤਰ ਸੰਗਤਾਂ ਨੇ ਕੇਸਰੀ ਦੁੱਪਟੇ, ਦੁਮਾਲੇ ਅਤੇ ਪੱਗਾਂ ਆਦਿ ਪਹਿਨੇ ਹੋਏ ਸਨ ।
ਸ਼ਹਿਰ ਵਾਸੀਆਂ ਵਲੋ ਥਾਂ ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ । ਨਗਰ ਕੀਰਤਨ ਵੱਖ ਵੱਖ ਗਲੀਆਂ ਬਾਜਾਰਾਂ ਵਿੱਚੋ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਵਿਖੇ ਸਮਾਪਤ ਕੀਤਾ ਗਿਆ । ਇਸ ਮੌਕੇ ਗੁਰੂ ਮਾਨਿਓ ਗ੍ਰੰਥ ਸੇਵਕ ਜਥਾ ਵਲੋ ਨਗਰ ਕੀਰਤਨ ਵਿੱਚ ਸ਼ਾਮਿਲ ਸਮੂਹ ਗੁਰਦੁਆਰਾ ਸੇਵਾ ਸੋਸਾਇਟੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।